Parkash Singh Badal Death: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਦੇਸ਼ ਦੀ ਰਾਜਨੀਤੀ ਨੂੰ ਵੱਡਾ ਘਾਟਾ ਪਿਆ ਹੈ। ਵੱਡਾ ਸਟੇਟਮੈਨ ਦੇਸ਼ ਨੇ ਗਵਾ ਦਿੱਤਾ ਹੈ। ਪਿੰਡ ਤੋਂ ਸਰਪੰਚ ਵਜੋਂ ਸਿਆਸਤ ਸ਼ੁਰੂ ਕੀਤੀ। ਪੰਜ ਵਾਰ ਮੁੱਖ ਮੰਤਰੀ ਰਹੇ। ਕਿਸਾਨੀ ਉਨ੍ਹਾਂ ਦੇ ਦਿਲ ਵਿੱਚ ਵੱਸਦੀ ਸੀ। ਉਨ੍ਹਾਂ ਜਿੰਨਾ ਸਬਰ ਸੰਤੋਖ ਤੇ ਹਲੀਮੀ ਕਿਸੇ ਹੋਰ ਨੇਤਾ ਵਿੱਚ ਨਹੀਂ ਹੋਣੀ।
ਚੀਮਾ ਨੇ ਕਿਹਾ ਕਿ ਉਹ ਵਿਰੋਧੀਆਂ ਨੂੰ ਵੀ ਖਿੜ੍ਹੇ ਮੱਥੇ ਮਿਲਦੇ ਸੀ। ਸਮੇਂ ਦੇ ਪਾਬੰਦ ਸੀ। ਜਿੱਤਣ 'ਤੇ ਜਿਆਦਾ ਖੁਸ਼ ਨਹੀ ਹੁੰਦੇ ਸੀ ਤੇ ਹਾਰ ਜਾਣ ਤੇ ਹਿੰਮਤ ਨਹੀਂ ਹਾਰਦੇ ਸੀ। ਅਜਿਹੇ ਗੁਣਾ ਵਾਲੀ ਸ਼ਖਸ਼ੀਅਤ ਨੂੰ ਗਵਾ ਲਿਆ ਹੈ। ਇਹ ਇੱਕ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਪੱਧਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਵੱਡੇ ਪੱਧਰ ਤੇ ਨਿੱਜੀ ਰਿਸ਼ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਉਮਰ ਦੇ ਸਿਆਸਤਦਾਨਾਂ ਨਾਲ ਵੀ ਤੇ ਆਪਣੀ ਉਮਰ ਤੋਂ ਛੋਟੇ ਸਿਆਸਤਦਾਨਾਂ ਨਾਲ ਵੀ ਉਨ੍ਹਾਂ ਦਾ ਬੋਲ ਚਾਲ ਤੇ ਵਤੀਰਾ ਬਹੁਤ ਚੰਗਾ ਸੀ।
ਚੀਮਾ ਨੇ ਕਿਹਾ ਕਿ ਦੇਸ਼ ਲਈ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਕੁਝ ਕੀਤਾ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਜੋ ਉਨ੍ਹਾਂ ਦੀ ਮੌਤ ਤੇ ਦੋ ਦਿਨ ਦਾ ਸ਼ੋਕ ਰੱਖਿਆ ਗਿਆ ਹੈ, ਇਹ ਇੱਕ ਬਹੁਤ ਚੰਗੀ ਗਲ ਹੈ ਕਿਉਂਕਿ ਅਜਿਹਾ ਸਨਮਾਨ ਤੇ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਦਾ ਬਣਦਾ ਵੀ ਹੈ ਕਿਉਕਿ ਦੇਸ਼ ਲਈ ਪ੍ਰਕਾਸ਼ ਸਿਂਘ ਬਾਦਲ ਨੇ ਬਹੁਤ ਕੁਝ ਕੀਤਾ ਹੈ।
ਬਾਦਲ ਦਾ ਜਾਣਾ ਪੰਜਾਬ ਤੇ ਪੰਜਾਬੀਅਤ ਲਈ ਵੱਡਾ ਘਾਟਾ: ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਦੇ ਇੱਕ ਹੋਰ ਯੋਧੇ ਦਾ ਅੰਤ ਹੋ ਗਿਆ ਹੈ। ਇਨ੍ਹਾਂ ਦਾ ਜਾਣਾ ਪੰਜਾਬ ਤੇ ਪੰਜਾਬੀਅਤ ਲਈ ਵੱਡਾ ਘਾਟਾ ਹੈ। ਅਜਿਹੇ ਸਿਆਸਤਦਾਨਾਂ ਦੀ ਪੂਰੇ ਭਾਰਤ ਅੰਦਰ ਕਮੀ ਰੜਕੇਗੀ ਜੋ ਜ਼ਮੀਨ ਨਾਲ ਜੁੜੇ ਹੋਣ ਲੋਕ ਮੁੱਦਿਆਂ ਦੀ ਗੱਲ ਕਰਦੇ ਹੋਣ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।