Ludhiana News: ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ਼ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਨਿਸ਼ਾਨੇਬਾਜ਼ 17 ਸਾਲਾ ਈਸ਼ਪ੍ਰੀਤ ਸਿੰਘ ਨੂੰ ਘਰ ਅੰਦਰ ਹੀ ਗੋਲੀ ਲੱਗੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਲਾਇਸੈਂਸੀ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਗੋਲੀ ਚੱਲ ਗਈ। ਈਸ਼ਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਹਾਸਲ ਜਾਣਕਾਰੀ ਮੁਤਾਬਕ ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜੇਤੂ ਜਸਦੇਵ ਨਗਰ ਦੇ ਰਹਿਣ ਵਾਲੇ ਈਸ਼ਪ੍ਰੀਤ ਸਿੰਘ (17) ਦੀ ਸੋਮਵਾਰ ਨੂੰ ਘਰ ’ਚ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਤੋਂ ਆਉਣ ਮਗਰੋਂ ਈਸ਼ਪ੍ਰੀਤ ਆਪਣੇ ਦਾਦਾ ਸੇਵਾਮੁਕਤ ਸੂਬੇਦਾਰ ਦਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ। ਇਸੇ ਦੌਰਾਨ ਗੋਲੀ ਚੱਲੀ, ਜੋ ਸਿੱਧੀ ਉਸ ਦੇ ਸਿਰ ’ਤੇ ਵੱਜੀ।
ਪਰਿਵਾਰਕ ਸੂਤਰਾਂ ਮੁਤਾਬਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਕਮਰੇ ’ਚ ਪੁੱਜੇ ਤਾਂ ਇਸ਼ਪ੍ਰੀਤ ਖੂਨ ਨਾਲ ਲਥਪਥ ਪਿਆ ਸੀ। ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਚੌਕੀ ਇੰਚਾਰਜ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਈਸ਼ਪ੍ਰੀਤ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਦਾ ਵਿਦਿਆਰਥੀ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇੱਕ ਭੈਣ ਵਿਦੇਸ਼ ਵਿੱਚ ਪੜ੍ਹਦੀ ਹੈ ਤੇ ਦੂਜੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਹੈ। ਈਸ਼ਪ੍ਰੀਤ ਖੁਦ ਨਿਸ਼ਾਨੇਬਾਜ਼ ਸੀ ਤੇ ਕਰੀਬ 20 ਦਿਨ ਪਹਿਲਾਂ ਚੰਡੀਗੜ੍ਹ ’ਚ ਹੋਈ ਸ਼ੂਟਿੰਗ ’ਚ ਸੋਨੇ ਦਾ ਤਗ਼ਮਾ ਜਿੱਤ ਕੇ ਆਇਆ ਸੀ।
ਇਹ ਵੀ ਪੜ੍ਹੋ: Twitter: ਐਲੋਨ ਮਸਕ ਦਾ ਫੈਸਲਾ, ਅਜਿਹੇ ਟਵੀਟਸ ਨੂੰ ਲੈ ਕੇ ਚੁੱਕਿਆ ਵੱਡਾ ਕਦਮ, ਘਟੇਗੀ ਉਨ੍ਹਾਂ ਦੀ ਦਿੱਖ
ਈਸ਼ਪ੍ਰੀਤ ਦੇ ਪਿਤਾ ਅਨੂਪ ਸਿੰਘ ਵੀ ਕੁਝ ਦਿਨ ਪਹਿਲਾਂ ਲੜਕੀ ਨੂੰ ਕੈਨੇਡਾ ’ਚ ਡਿਗਰੀ ਮਿਲਣ ਕਾਰਨ ਉਥੇ ਗਏ ਸਨ। ਈਸ਼ਪ੍ਰੀਤ ਦੀ ਮੌਤ ਇਲਾਕੇ ਅਤੇ ਸਕੂਲ ਵਿੱਚ ਸੋਗ ਹੈ। ਉਧਰ, ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Weather Update: ਦਿੱਲੀ-NCR 'ਚ ਗਰਮੀ ਤੋਂ ਮਿਲੇਗੀ ਰਾਹਤ, ਕਈ ਸੂਬਿਆਂ 'ਚ ਮੀਂਹ ਦਾ ਅਲਰਟ, ਜਾਣੋ IMD ਦੀ ਤਾਜ਼ਾ ਅਪਡੇਟ