Punjab News : ਪੰਜਾਬ ਦੇ ਲੋਕਾਂ ਨੂੰ ਸ਼ਾਂਤਮਈ ਮਹੌਲ ਦੇਣ ਲਈ ਅਤੇ ਅਮਨ-ਕਾਨੂੰਨ ਦੀ ਰੱਖਿਆ ਲਈ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੂਰੀ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਈ ਹੈ ਅਤੇ ਬਿਨਾਂ ਕੋਈ ਗੋਲੀ ਚਲਾਏ ਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਵਿੱਚ ਪਾਏ ਪੰਜਾਬ ਦਾ ਮਹੌਲ ਸ਼ਾਂਤ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹੋਏ ਕੀਤਾ।
ਉਹਨਾਂ ਆਖਿਆ ਕਿ ਭਗਵੰਤ ਮਾਨ ਜੀ ਨੇ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੀ ਹੈਸ਼ੀਅਤ ਵਿੱਚ ਵੀ ਆਪਣੇ ਕਰਤੱਵਾਂ ਦਾ ਪਾਲਣ ਕਰਕੇ 'ਪੰਜਾਬ ਦੇ ਪੁੱਤ' ਹੋਣ ਦਾ ਫਰਜ਼ ਨਿਭਾਇਆ ਹੈ। ਉਹਨਾਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਕੁੱਝ ਗੈਰ-ਸਮਾਜਿੱਤ ਤੱਤ ਪੰਜਾਬ ਦੇ ਅਮਨ-ਚੈਨ ਅਤੇ ਭਾਈਚਾਰੇ ਨੂੰ ਤੋੜਨ ਲਈ ਯਤਨ ਕਰ ਰਹੇ ਸਨ ਅਤੇ ਪੰਜਾਬ ਦਾ ਮਹੌਲ ਖਰਾਬ ਕਰਨ ਵਿੱਚ ਰੁੱਝੇ ਹੋਏ ਸਨ, ਪਰੰਤੂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੀ ਯੋਗ ਅਗਵਾਈ ਹੇਠ ਐਕਸ਼ਨ ਲੈਂਦੇ ਹੋਏ 18 ਮਾਰਚ ਨੂੰ ਕਾਰਵਾਈ ਕੀਤੀ ਗਈ ਅਤੇ ਜੋ ਦੇਸ਼ ਦੇ ਦੁਸ਼ਮਣਾ ਦੇ ਹੱਥ ਚੜ੍ਹਕੇ ਗੈਰ-ਸਮਾਜਿੱਕ ਗਤੀ-ਵਿਧੀਆਂ ਕਰ ਰਹੇ ਸਨ, ਉਹਨਾਂ ਨੂੰ ਕਾਬੂ ਕਰ ਲਿਆ ਗਿਆ।
ਬੀਬੀ ਮਾਣੂੰਕੇ ਨੇ ਆਖਿਆ ਕਿ ਅਮ੍ਰਿਤਪਾਲ ਸਿੰਘ, ਜੋ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਗੁੰਮਰਾਹ ਕਰਕੇ ਦੇਸ਼ ਵਿਰੋਧੀ ਗਤੀ-ਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਕਸਾਉਂਦਾ ਸੀ, ਨੂੰ ਵੀ ਪੰਜਾਬ ਪੁਲਿਸ ਵੱਲੋਂ ਸ਼ਤਮਈ ਤਰੀਕੇ ਨਾ ਗ੍ਰਿਫਤਾਰ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਬੀਬੀ ਮਾਣੂੰਕੇ ਨੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਪੰਜਾਬ ਦੀ ਬਹਾਦਰ ਪੁਲਿਸ ਨੇ ਪੰਜਾਬ ਸਰਕਾਰ ਦੀ ਯੋਗ ਅਗਵਾਈ ਹੇਠ ਸੁਚੱਜੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਬਿਨਾਂ ਗੋਲੀ ਚਲਾਏ ਅਤੇ ਇੱਕ ਵੀ ਤੁਪਕਾ ਖੂਨ ਦਾ ਡੋਲੇ ਬਿਨਾਂ ਪੰਜਾਬ ਅੰਦਰ ਅਮਨ-ਕਾਨੂੰਨ ਬਹਾਲ ਰੱਖਿਆ ਹੈ।
ਇਸ ਨਾਲ ਜਿੱਥੇ ਪੰਜਾਬ ਪੁਲਿਸ ਦੀ ਕਾਬਲੀਅਤ ਅਤੇ ਪੰਜਾਬ ਸਰਕਾਰ ਦੀ ਸੁਚੱਜੀ ਕਾਰਗੁਜ਼ਾਰੀ ਉਪਰ ਲੋਕਾਂ ਦਾ ਵਿਸ਼ਵਾਸ਼ ਬਣਿਆ ਹੈ, ਉਥੇ ਹੀ ਪੰਜਾਬ ਦੇ ਲੋਕਾਂ ਅੰਦਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਸਤਿਕਾਰ ਵੀ ਵਧਿਆ ਹੈ ਅਤੇ ਰੰਗਲੇ ਪੰਜਾਬ ਦੀ ਆਸ ਵੀ ਬੱਝੀ ਹੈ। ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਪੰਜਾਬ ਦੇ ਲੋਕਾਂ ਨੇ 90 ਦੇ ਦਹਾਕੇ ਵਿੱਚ ਬਹੁਤ ਸੰਤਾਪ ਹੰਡਾਇਆ ਹੈ ਅਤੇ ਲੋਕਾਂ ਦੇ ਲੱਖਾਂ ਨਿਰਦੋਸ਼ ਮੁੰਡੇ-ਕੁੜੀਆਂ ਦੇ ਖੂਨ ਨਾਲ ਪੰਜਾਬ ਦੀ ਧਰਤੀ ਲਾਲ ਹੋਈ ਹੈ, ਵਾਹਿਗੁਰੂ ਕਰੇ ! ਕਿ ਪੰਜਾਬ ਦੇ ਲੋਕਾਂ ਨੂੰ ਅਜਿਹਾ ਦੌਰ ਮੁੜ ਨਾ ਵੇਖਣਾ ਪਵੇ।
ਇਸ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪੰਜਾਬ ਦੇ ਅਮਨ-ਚੈਨ ਨੂੰ ਹਰ ਹਾਲਤ ਵਿੱਚ ਬਹਾਲ ਰੱਖਣਾ ਚਾਹੁੰਦੀ ਹੈ। ਉਹਨਾਂ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਆਖਿਆ ਕਿ ਪੰਜਾਬ ਵਾਸੀਆਂ ਨੇ ਸੱਚੇ ਦੇਸ਼ ਭਗਤ ਹੋਣ ਦਾ ਸਬੂਤ ਦਿੰਦਿਆਂ ਸ਼ਾਂਤੀ ਬਣਾਕੇ ਰੱਖੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜੁਵਾਬ ਦਿੱਤਾ ਹੈ। ਉਹਨਾਂ ਆਖਿਆ ਕਿ ਮਾਨਯੋਗ ਮੁੱਖ ਮੰਤਰੀ ਨੇ ਅਮਨ-ਕਾਨੂੰਨ ਦੇ ਮੁੱਦੇ ਉਪਰ ਆਪਣੀ ਦੂਰ-ਅੰਦੇਸ਼ੀ ਸੋਚ ਸਦਕਾ ਵਿਰੋਧੀ ਪਾਰਟੀ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ, ਜੋ ਅਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਢੰਡੋਰਾ ਪਿੱਟਕੇ ਸਿਆਸੀ ਲਾਹਾ ਲੈਣ ਦੇ ਯਤਨ ਕਰ ਰਹੀਆਂ ਸਨ।