Punjab News : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਰਿਹਾਇਸ਼ ਵਿਖੇ ਭਾਰਤੀ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ਾ ਜਿੱਤ ਕੇ ਆਏ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ ਕੀਤੀ।



ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਦੁਨੀਆਂ ਦੀਆਂ ਚੋਟੀ ਦੀਆਂ ਫੀਲਡਰਾਂ ਵਿੱਚੋਂ ਇਕ ਹਰਲੀਨ ਦਿਓਲ ਨੂੰ ਆਗਾਮੀ ਬੰਗਲਾਦੇਸ਼ ਦੌਰੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪੁਰਸ਼ ਕ੍ਰਿਕਟ ਵਾਂਗ ਹੁਣ ਮਹਿਲਾ ਕ੍ਰਿਕਟ ਵਿੱਚ ਪੰਜਾਬ ਵੱਡੇ ਪੱਧਰ ਉਤੇ ਹਾਜ਼ਰੀ ਲਗਾ ਰਿਹਾ ਹੈ। ਹਰਲੀਨ ਦਿਓਲ ਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪੰਜਾਬ ਦੇ ਨਾਮ ਰੌਸ਼ਨ ਕੀਤਾ ਹੈ। ਉਨਾਂ ਭਾਰਤੀ ਕ੍ਰਿਕਟਰ ਕੋਲੋਂ ਸਕੂਲੀ ਪੱਧਰ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਹਰਲੀਨ ਦਿਓਲ ਵੱਲੋਂ ਖੇਡ ਮੰਤਰੀ ਨੂੰ ਕ੍ਰਿਕਟ ਬੱਲਾ ਵੀ ਭੇਂਟ ਕੀਤਾ ਗਿਆ।

ਮੀਤ ਹੇਅਰ ਨੇ ਹਾਲ ਹੀ ਵਿੱਚ ਜਰਮਨੀ ਵਿਖੇ ਹੋਏ ਨਿਸ਼ਾਨੇਬਾਜ਼ੀ ਦੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ੇ ਜਿੱਤ ਕੇ ਆਏ ਪੰਜਾਬ ਦੇ ਤਿੰਨ ਨਿਸ਼ਾਨੇਬਾਜ਼ ਨੂੰ ਵੀ ਮਿਲ ਕੇ ਵਧਾਈ ਦਿੱਤੀ। ਇਹ ਨਿਸ਼ਾਨੇਬਾਜ਼ ਸਪੋਰਟਸ ਪਿਸਟਲ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਅਮਨਪ੍ਰੀਤ ਸਿੰਘ, ਸਪੋਰਟਸ ਪਿਸਟਲ ਮਹਿਲਾ ਟੀਮ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਬਰਾੜ ਤੇ ਰੈਪਿਡ ਫਾਇਰ ਪਿਸਟਲ ਟੀਮ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਰਾਜਕੰਵਰ ਸੰਧੂ ਸਨ। ਉਨਾਂ ਨਾਲ ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਅੰਕੁਸ਼ ਭਾਰਦਵਾਜ ਵੀ ਨਾਲ ਸਨ।

ਖੇਡ ਮੰਤਰੀ ਨੇ ਜੇਤੂ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨਾਂ ਕਿਹਾ ਕਿ ਉਨਾਂ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਖੇਡ ਵਿਭਾਗ ਨਿਰੰਤਰ ਉਪਰਾਲੇ ਕਰ ਰਿਹਾ ਹੈ। ਬਹੁਤ ਹੀ ਜਲਦ ਹੀ ਪੰਜਾਬ ਦੀ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।