Sri muktsar sahib: ਸ੍ਰੀ ਮੁਕਤਸਰ ਸਾਹਿਬ ਦੇ ਪੈਟਰੋਲ ਪੰਪ ‘ਤੇ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਜਿਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ਵਿੱਚ 2 ਵਿਅਕਤੀਆਂ ਤੋਂ ਇਲਾਵਾ 5 ਪੈਟਰੋਲ ਪੰਪ ਦੇ ਕਰਿੰਦੇ ਹਨ।
ਕੀ ਹੈ ਪੂਰਾ ਮਾਮਲਾ
ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਮਲੋਟ ਰੋਡ ‘ਤੇ ਸਥਿਤ ਪੈਟਰੋਲ ਪੰਪ ‘ਤੇ ਦੋ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਵੇਰ ਵੇਲੇ ਹੋਈ ਇਸ ਘਟਨਾ ਦੌਰਾਨ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਸੀ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਸੀ। ਇਸ ਰਾਹੀਂ ਪੁਲਿਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਹੈ।
ਇਸ ਦੇ ਨਾਲ ਹੀ ਮਾਮਲੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ਼ ਕਰਕੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਵਿਚ ਪੈਟਰੋਲ ਪੰਪ ਦੇ ਹੀ 5 ਕਰਿੰਦੇ ਸ਼ਾਮਲ ਸਨ। ਜਿਹੜੇ ਪਿਛਲੇ ਕੁਝ ਸਮੇਂ ਤੋਂ ਹਿਸਾਬ ਵਿਚ ਗੜਬੜ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਹਿਸਾਬ ਦੀ ਗੜਬੜ ਨੂੰ ਲੁਕਾਉਣ ਲਈ 2 ਹੋਰ ਨੌਜਵਾਨਾਂ ਨਾਲ ਮਿਲ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦਾ ਪਲਾਨ ਬਣਾਇਆ।
ਇਹ ਵੀ ਪੜ੍ਹੋ: Arvind Kejriwal Arrest: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਭੜਕੇ CM ਭਗਵੰਤ ਮਾਨ, ਕਿਹਾ- 'ਭਾਰਤ 'ਚ ਭਾਜਪਾ ਦੀ ਤਾਨਾਸ਼ਾਹੀ...'
ਐਸਐਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮਾਮਲੇ ਦੀ ਆਧੁਨਿਕ ਤਰੀਕਿਆਂ ਨਾਲ ਤਫ਼ਤੀਸ਼ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਸ ਘਟਨਾ ਨੂੰ ਹੈਪੀ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਅੰਜਾਮ ਦਿੱਤਾ ਹੈ। ਹੈਪੀ ਸਿੰਘ ਕੁਝ ਦਿਨ ਪਹਿਲਾਂ ਹੀ ਇੱਕ ਮਾਮਲੇ ਵਿਚ ਜ਼ਮਾਨਤ ‘ਤੇ ਬਾਹਰ ਆਇਆ ਸੀ। ਜਦੋਂ ਪੁਲਿਸ ਨੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਹੈਪੀ ਸਿੰਘ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਸਾਜਨ ਸਿੰਘ ਦਾ ਭਰਾ ਹੈ।
ਜਦੋਂ ਇਸ ਕੋਲੋਂ ਪੁੱਛਗਿੱਛ ਕੀਤੀ ਤਾਂ ਫਿਰ ਪਤਾ ਲੱਗਿਆ ਕਿ ਘਟਨਾ ਵਿਚ ਸਾਜਨ ਸਿੰਘ ਤੋਂ ਇਲਾਵਾ ਪੰਪ ਦੇ ਹੋਰ ਚਾਰ ਕਰਿੰਦੇ ਵੀ ਸ਼ਾਮਲ ਸਨ। ਇਸ ਤੋਂ ਬਾਅਦ ਪੁਲਿਸ ਨੇ ਉਕਤ ਤਿੰਨਾਂ ਤੋਂ ਇਲਾਵਾ ਪੰਪ ‘ਤੇ ਹੀ ਕੰਮ ਕਰਦੇ ਹਰਜੀਤ ਸਿੰਘ, ਜੋ ਕਿ ਘਟਨਾ ਵੇਲੇ ਪੰਪ ‘ਤੇ ਹੀ ਡਿਊਟੀ ਕਰ ਰਿਹਾ ਸੀ ਅਤੇ ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਗੁਰਕੀਰਤ ਸਿੰਘ ਨੂੰ ਵੀ ਕਾਬੂ ਕਰ ਲਿਆ।
ਪੁਲਿਸ ਅਨੁਸਾਰ ਪੰਪ ਦੇ ਇਹ ਕਰਿੰਦੇ ਬੀਤੇ ਕਾਫ਼ੀ ਸਮੇਂ ਤੋਂ ਹਿਸਾਬ ਕਿਤਾਬ ਵਿਚ ਗੜਬੜੀ ਕਰ ਰਹੇ ਸਨ ਅਤੇ ਉਸ ਗੜਬੜੀ ਨੂੰ ਲੁਕਾਉਣ ਲਈ ਇਨ੍ਹਾਂ ਇਸ ਲੁੱਟ ਦੀ ਸਕੀਮ ਬਣਾਈ ਤਾਂ ਜੋ ਲੁੱਟ ਵਿਚ ਵੱਧ ਰਕਮ ਦਿਖਾ ਕੇ ਬਾਕੀ ਗੜਬੜੀ ਲੁਕਾਈ ਜਾ ਸਕੇ। ਪੁਲਿਸ ਨੇ ਹੁਣ ਤੱਕ 12 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: Arvind Kejriwal Arrest: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਜਰਮਨੀ ਤਾਂ ਭਾਰਤ ਹੋਇਆ ਖ਼ਫ਼ਾ, ਕਿਹਾ - 'ਅੰਦਰੂਨੀ ਮਾਮਲਾ'