ਅੰਮ੍ਰਿਤਸਰ: 16 ਜੂਨ, 2015 ਨੂੰ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਗੈਂਗਸਟਰ ਜੱਗੂ ਦੇ ਭੁਲੇਖੇ ਅਕਾਲੀ ਲੀਡਰ ਮੁਖਜੀਤ ਸਿੰਘ ਮੁੱਖਾ ਦੇ ਕੀਤੇ ਗਏ ਐਨਕਾਊਂਟਰ ਮਾਮਲੇ ਦੀ ਗਾਜ ਪੁਲਿਸ ਅਫਸਰਾਂ 'ਤੇ ਡਿੱਗਣੀ ਸ਼ੁਰੂ ਹੋ ਗਈ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਉਸ ਵੇਲੇ ਦੇ ਡੀ.ਐਸ.ਪੀ ਤੇ ਅੰਮ੍ਰਿਤਸਰ ਦਿਹਾਤੀ ਦੇ ਮੌਜੂਦਾ ਐਸ.ਐਸ.ਪੀ. ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਸੰਮਨ ਜਾਰੀ ਕਰਕੇ 8 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ। ਮੁੱਦਈ ਪੱਖ ਦੇ ਵਕੀਲ ਪੁਨੀਤ ਜ਼ਖਮੀ ਨੇ ਦੱਸਿਆ ਕਿ ਸਥਾਨਕ ਜੇ.ਐਮ.ਆਈ.ਸੀ. ਰਾਜਨ ਅਨੇਜਾ ਦੀ ਅਦਾਲਤ ਨੇ ਮੌਜੂਦਾ ਐਸ.ਐਸ.ਪੀ. ਤੇ ਉਸ ਵੇਲੇ ਦੇ ਡੀ.ਐਸ.ਪੀ, 1 ਐਸ.ਆਈ, 1 ਏ.ਐਸ.ਆਈ ਤੇ 7 ਹੋਰ ਪੁਲਿਸ ਕਰਮੀਆਂ ਸਮੇਤ ਕੁੱਲ 10 ਮੁਲਜ਼ਮਾਂ ਨੂੰ ਤਲਬ ਕੀਤਾ ਹੈ। ਇਸ ਮਾਮਲੇ ਵਿੱਚ 9 ਪੁਲਿਸ ਕਰਮੀਆਂ ਨੂੰ ਧਾਰਾ 302 ਤਹਿਤ ਕਤਲ ਦੇ ਇਲਜ਼ਾਮ ਵਿੱਚ ਤੇ ਮੌਜੂਦਾ ਐਸ.ਐਸ.ਪੀ. ਪਰਮਪਾਲ ਸਿੰਘ ਨੂੰ ਮੌਕੇ ਤੋਂ ਕਤਲ ਦੇ ਸਬੂਤ ਮਿਟਾਉਣ ਦੇ ਇਲਜ਼ਾਮ ਵਿੱਚ ਧਾਰਾ 201 ਤਹਿਤ ਤਲਬ ਕੀਤਾ ਹੈ। ਦੱਸਣਯੋਗ ਹੈ ਕਿ 16 ਜੂਨ, 2015 ਨੂੰ ਸ਼ਾਮ ਵੇਲੇ ਵੇਰਕਾ ਇਲਾਕੇ ਵਿੱਚ ਰਹਿਣ ਵਾਲਾ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਆਪਣੀ ਕਾਰ ਨੰਬਰ ਪੀ.ਬੀ-02 ਸੀ.ਆਰ-7130 ਵਿੱਚ ਸਵਾਰ ਹੋ ਕੇ ਪਿੰਡ ਮੂਧਲ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਪੁਲਿਸ ਦੀ ਟੀਮ ਵੱਲੋਂ ਉਸ ਦੀ ਘੇਰਾਬੰਦੀ ਕਰਕੇ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸਵਿਫਟ ਕਰ ਵਿੱਚ ਸਵਾਰ ਹੋਏ ਕੇ ਉਸੇ ਹੀ ਇਲਾਕੇ ਵਿੱਚ ਘੁੰਮ ਰਿਹਾ ਹੈ। ਪੁਲਿਸ ਦੀ ਟੀਮ ਨੇ ਸਾਦੇ ਕੱਪੜਿਆਂ ਵਿੱਚ ਉਸ ਇਲਾਕੇ ਵਿੱਚ ਦਬਿਸ਼ ਦਿੱਤੀ ਤੇ ਜਿੱਦਾਂ ਹੀ ਇਸ ਕਾਰ ਨੂੰ ਦੇਖਿਆ ਤਾਂ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਅਦ ਵਿੱਚ ਪਤਾ ਲੱਗਿਆ ਕੇ ਪੁਲਿਸ ਨੇ ਜੱਗੂ ਨਹੀਂ ਬਲਕਿ ਅਕਾਲੀ ਲੀਡਰ ਮੁੱਖੇ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਐਸ.ਐਸ.ਪੀ ਪਰਮਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਸੰਮਨ ਨਹੀਂ ਮਿਲਿਆ ਜੇਕਰ ਅਜਿਹਾ ਕੋਈ ਵੀ ਸੰਮਨ ਮਿਲਦਾ ਹੈ ਤਾਂ ਉਹ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਜ਼ਰੂਰ ਰੱਖਣਗੇ।