ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਜਬੂਤ ਕਰਨ ਲਈ ਅਤੇ ਅਕਾਲੀ ਦਲ ਸੰਯੁਕਤ ਵੱਲੋਂ ਪੰਥਕ ਏਜੰਡਾ ਘਰ-ਘਰ ਪਹੁੰਚਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਮੱਦੇਨਜਰ ਪੰਜਾਬ ਅੰਦਰ 1 ਮਈ ਤੋਂ ਜ਼ਿਲ੍ਹਾਂ ਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਲਈ ਤਾਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। 


ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਮੁੱਖ ਮਨੋਰੱਥ  ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੱਡੇ ਪੱਧਰ 'ਤੇ ਯਤਨ ਕਰਦੇ ਰਹਿਣਾ ਹੈ ਅਤੇ ਪਾਰਟੀ ਇਸੇ ਟੀਚੇ ਨੂੰ ਮੁੱਖ ਰੱਖਦੇ ਹੋਏ ਪੂਰੇ ਉਤਸ਼ਾਹ ਅਤੇ ਇਮਨਦਾਰੀ ਨਾਲ ਕਾਰਜਸ਼ੀਲ ਰਹੇਗੀ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾ ਕੇ ਉਹਨਾਂ ਦੀ ਸੇਵਾ ਸੰਭਾਲ ਪੰਥਕ ਭਾਵਨਾ ਰੱਖਣ ਵਾਲੇ ਗੁਰਸਿੱਖਾਂ ਨੂੰ ਸੌਪਣੀ।


ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਇਨੇ ਮਾੜੇ ਹਾਲਾਤ ਵਿੱਚ ਲੈ ਕੇ ਜਾਣ ਵਾਲਾ ਕੋਈ ਹੋਰ ਨਹੀ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਖ਼ੁਦ ਜਿ਼ੰਮੇਵਾਰ ਹੈ।ਉਸਦੇ ਹੰਕਾਰ ਅਤੇ ਪੰਥਕ ਸਿਧਾਂਤਾਂ ਤੋਂ ਪਾਸਾ ਵੱਟਣ ਕਾਰਨ ਅੱਜ ਪੰਥਕ ਸੰਸਥਾਵਾਂ ਦੀ ਬੁਰੀ ਹਾਲਤ ਹੋਈ ਹੈ।ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।ਇਸ ਮੌਕੇ ਸਮੁੱਚੀ ਲੀਡਰਸਿ਼ਪ ਨੇ ਇਕੋ ਆਵਾਜ਼ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਗਲਬਾ ਪੂਰਨ ਤੌਰ `ਤੇ ਖਤਮ ਕਰਨ ਲਈ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਥ ਅਤੇ ਪੰਜਾਬ ਵਿਰੋਧੀ ਬਾਦਲ ਪਰਿਵਾਰ ਨੂੰ ਛੱਡ ਕੇ ਅਕਾਲੀ ਦਲ ਦੇ ਅਸਲ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਣ। 


ਜਿਸ ਨਾਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਬਣਾਇਆ ਜਾ ਸਕੇ।ਇਸ ਮੋਕੇ ਢੀਂਡਸਾ  ਨੇ ਕਿਹਾ ਕਿ ਸਾਡਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ।ਇਸ ਲਈ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਫ਼-ਸੁਥਰੇ ਸਿੱਖੀ ਤੇ ਪਹਿਰਾ ਦੇਣ ਵਾਲੇ ਗੁਰਸਿੱਖ ਜਿਹਨਾਂ ਦਾ ਰਾਜਨੀਤੀ ਨਾਲ ਕੋਈ ਵਾਹ ਵਾਸਤਾ ਨਾ ਹੋਵੇ ਕੇਵਲ ਧਾਰਮਿਕ ਹੋਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾ ਕਿ ਸੇਵਾ ਸੰਭਾਲ ਸੋਪਣਾ ਹੈ। ਧਾਰਮਿਕ ਖੇਤਰ ਵਿੱਚ ਰਾਜਨੀਤਿਕ ਲੋਕਾਂ ਦੀ ਦਖ਼ਲਅੰਦਾਜੀ ਖ਼ਤਮ ਕਰਨਾ ਹੈ।