ਗਗਨਦੀਪ ਸ਼ਰਮਾ


ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਵਿੱਚੋਂ ਇੱਕ ਘਰ ਚੋਂ ਮਿਲੀ ਡਰੱਗ ਫੈਕਟਰੀ ਦੇ ਮਾਮਲੇ ਵਿੱਚ ਐੱਸਟੀਐੱਫ ਨੇ ਵੱਡਾ ਖੁਲਾਸਾ ਕਰਦਿਆਂ ਇਸ ਸਾਰੇ ਮਾਮਲੇ ਦੇ ਤਾਰ ਹੁਣ ਇਟਲੀ ਤੋਂ ਬਾਅਦ ਦੁਬਈ ਦੇ ਨਾਲ ਜੋੜ ਦਿੱਤੇ ਹਨ। ਐਸਟੀਐਫ ਨੇ ਇਸ ਮਾਮਲੇ 'ਚ ਕੋਠੀ ਦੇ ਮਾਲਕ ਅਨਵਰ ਮਸਿਹ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਅਨਵਰ ਮਸੀਹ ਦੀ ਗ੍ਰਿਫ਼ਤਾਰੀ ਬਾਰੇ ਰਵਿੰਦਰ ਮਹਾਜਨ ਨੇ ਦੱਸਿਆ ਕਿ ਅਨਵਰ ਮਸੀਹ ਨੂੰ ਜਾਂਚ ਲਈ ਬੁਲਾਇਆ ਗਿਆ ਸੀ। ਪਰ ਉਹ ਉਸ ਦਿਨ ਆਪਣੇ ਨਾਲ ਕਾਫ਼ੀ ਸਮਰਥਕ ਅਤੇ ਮੀਡੀਆ ਕਰਮੀ ਲੈ ਕੇ ਆਇਆ ਸੀ। ਜਿਸ ਕਾਰਨ ਐਸਟੀਐਫ ਨੇ ਉਸ ਨੂੰ ਉਸ ਦਿਨ ਨਾ ਤਾਂ ਪੁੱਛਗਿਛ ਵਿੱਚ ਸ਼ਾਮਿਲ ਕੀਤਾ ਸੀ ਅਤੇ ਨਾ ਹੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਐਸਟੀਐਫ ਨੂੰ ਪੁੱਛ ਗਿੱਛ ਦੌਰਾਨ ਦੁਬਈ ਦੇ ਰਹਿਣ ਵਾਲੇ ਇੱਕ ਕਿੰਗ ਪਿੰਨ ਜਿਸ ਨੂੰ ਸਾਰੇ 'ਭਾਈਜਾਨ' ਕਹਿੰਦੇ ਹਨ, ਬਾਰੇ ਵੀ ਪਤਾ ਲੱਗਾ ਹੈ।

ਐਸਟੀਐਫ ਦੇ ਡੀਐਸਪੀ ਵਵਿੰਦਰ ਮਹਾਜਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਸਾਰਾ ਨੈਟਵਰਕ ਦੁਬਈ ਤੋਂ ਚੱਲਦਾ ਸੀ।

ਦੁਬਈ ਦੇ ਭਾਈਜਾਨ ਦੇ ਕਹਿਣ ਤੇ ਹੀ ਹੈਰੋਇਨ ਤਿਆਰ ਕੀਤੀ ਜਾਂਦੀ ਸੀ। ਮਹਾਜਨ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਤੋਂ ਆਇਆ ਨਾਗਰਿਕ ਭਾਈਜਾਨ ਦੇ ਕਹਿਣ ਤੇ ਹੀ ਭਾਰਤ ਆਇਆ ਸੀ।

ਐਸਟੀਐਫ ਵੱਲੋਂ ਇਸ ਖੁਲਾਸੇ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਦੁਬਈ ਦੀ ਸਰਕਾਰ ਨਾਲ ਸੰਪਰਕ ਕਰਕੇ ਭਾਈਜਾਨ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਐਸਟੀਐਫ ਦੇ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ ਅੰਮ੍ਰਿਤਸਰ ਦੇ ਵਿੱਚ ਡਰੱਗ ਫੈਕਟਰੀ ਰਾਹੀਂ ਪੰਜ ਸੌ ਕਿੱਲੋ ਦੇ ਕਰੀਬ ਹੈਰੋਇਨ ਬਣਾ ਕੇ ਵੇਚ ਦਿੱਤੀ ਸੀ। ਜਦਕਿ ਦੋ ਕੁਇੰਟਲ ਦੇ ਕਰੀਬ ਹੈਰੋਇਨ ਐਸਟੀਐਫ ਨੇ ਬਰਾਮਦ ਕੀਤੀ ਸੀ। ਰਵਿੰਦਰ ਮਹਾਜਨ ਨੇ ਦੱਸਿਆ ਕਿ ਦੁਬਈ ਦੇ ਭਾਈ ਜਾਣ ਦੇ ਕਹਿਣ ਤੇ ਹੀ ਇੱਕ ਕਰੋੜ ਦੇ ਕਰੀਬ ਹਵਾਲਾ ਰਾਸ਼ੀ ਭਾਰਤ ਭੇਜੀ ਗਈ ਸੀ। ਜਿਸ ਦਾ ਖੁਲਾਸਾ ਵੀ ਹੋ ਚੁੱਕਿਆ ਹੈ।

ਐਸਟੀਐਫ ਨੇ ਅਫ਼ਗ਼ਾਨ ਨਾਗਰਿਕ ਕੋਲੋਂ ਕੀਤੀ ਪੁਛ ਗਿੱਛ ਦੌਰਾਨ ਇਹ ਵੀ ਜਾਣਕਾਰੀ ਹਾਸਲ ਕੀਤੀ ਕਿ ਉਹ ਦੁਬਈ ਦੇ ਭਾਈਜਾਨ ਦੇ ਕਹਿਣ ਤੇ ਭਾਰਤ ਆਇਆ ਸੀ। ਉਸ ਨੇ ਦੱਸਿਆ ਕਿ ਉਹ ਹੈਰੋਇਨ ਬਣਾਉਣ ਦਾ ਐਕਸਪਰਟ ਹੈ।

ਇਸ ਮਾਮਲੇ ਦੇ ਵਿੱਚ ਇੱਕ ਹੋਰ ਮੁੱਖ ਦੋਸ਼ੀ ਸਿਮਨ ਪਾਲ ਸੰਧੂ ਦੀ ਗ੍ਰਿਫਤਾਰੀ ਬਾਰੇ ਕਿਹਾ ਕਿ ਗੁਜਰਾਤ ਦੀ ਏਟੀਐੱਸ ਦੀ ਟੀਮ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਇਸ ਸਾਰੇ ਮਾਮਲੇ ਵਿੱਚ ਐਸਟੀਐਫ ਨੇ ਹੁਣ ਤੱਕ ਤੇਰਾਂ ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।