ਚੰਡੀਗੜ੍ਹ: ਸਟਿੰਗ ਆਪ੍ਰੇਸ਼ਨ ਦਾ ਨਾਂ ਸੁਣਦਿਆਂ ਜਿੱਥੇ ਸਿਆਸਤਦਾਨਾਂ ਦਾ ਤ੍ਰਾਹ ਨਿਕਲ ਜਾਂਦਾ ਹੈ, ਉੱਥੇ ਲੋਕਾਂ ਦੇ ਮਨਾਂ 'ਚ ਉਤਸੁਕਤਾ ਪੈਦਾ ਹੋ ਜਾਂਦੀ ਹੈ ਕਿ ਇਸ ਵਾਰ ਕਿਹੜਾ ਫਸਿਆ ਹੈ। ਚੋਣਾਂ ਵੇਲੇ ਸਟਿੰਗ ਆਪ੍ਰੇਸ਼ਨ ਜਾਂ ਵੀਡੀਓ ਲੀਕ ਹੋਣਾ ਕਾਫੀ ਪ੍ਰਚਲਿਤ ਰਿਹਾ ਹੈ ਤੇ ਅੱਜ ਕੱਲ੍ਹ ਪੰਜਾਬ ਦੇ ਐਮਪੀ ਇਨ੍ਹਾਂ ਦਾ ਹੀ ਸ਼ਿਕਾਰ ਹੋ ਰਹੇ ਹਨ। ਸਭ ਤੋਂ ਪਹਿਲਾਂ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਫਿਰ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬਾਹਰ ਹੋਏ ਐਮਪੀ ਸ਼ੇਰ ਸਿੰਘ ਘੁਬਾਇਆ ਤੇ ਹੁਣ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਦਾ ਕਥਿਤ ਸਟਿੰਗ ਵਾਇਰਲ ਹੋ ਰਿਹਾ ਹੈ।
ਜ਼ਰੂਰ ਪੜ੍ਹੋ- ਸਟਿੰਗ ਨੇ ਕੱਢੀ 'ਚੌਧਰ', ਚੌਧਰੀ ਦਿੱਲੀ ਤਲਬ
ਸਟਿੰਗ ਵੀਡੀਓ ਵਿੱਚ ਫ਼ਰੀਦਕੋਟ ਸੰਸਦੀ ਹਲਕੇ ਤੋਂ ਐਮਪੀ ਪ੍ਰੋ. ਸਾਧੂ ਸਿੰਘ ਕਥਿਤ ਤੌਰ 'ਤੇ ਨੋਇਡਾ ਦੀ ਕੰਪਨੀ ਵੱਲੋਂ ਉਨ੍ਹਾਂ ਦਾ ਸਾਰਾ ਚੋਣ ਖ਼ਰਚ ਚੁੱਕਣ ਲਈ ਸਹਿਮਤੀ ਦੇ ਰਹੇ ਹਨ। ਸਾਧੂ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਉਨ੍ਹਾਂ ਦਾ ਹੀ ਹੈ ਪਰ ਪੁਰਾਣਾ ਹੈ। ਵੀਡੀਓ ਵਿੱਚ ਸਾਧੂ ਸਿੰਘ ਕਥਿਤ ਤੌਰ 'ਤੇ ਆਪਣੇ ਚੋਣ ਖ਼ਰਚੇ ਦੇ ਵੇਰਵੇ ਦੱਸਦੇ ਹੋਏ ਕਹਿੰਦੇ ਹਨ ਕਿ ਪਿਛਲੀ ਵਾਰ ਦੋ ਕਰੋੜ ਲੱਗੇ ਸਨ ਪਰ ਇਸ ਵਾਰ ਖਰਚਾ ਤਿੰਨ ਕਰੋੜ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਇੱਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰੇ ਸ਼ੇਰ ਸਿੰਘ ਘੁਬਾਇਆ
ਉਨ੍ਹਾਂ ਦੱਸਿਆ ਕਿ ਇਹ ਲੋਕ ਉਨ੍ਹਾਂ ਦੇ ਦਫ਼ਤਰ ਵਿੱਚ ਆਮ ਲੋਕਾਂ ਵਾਂਗ ਮਿਲਣ ਲਈ ਆਏ ਸਨ ਤੇ ਉਨ੍ਹਾਂ ਦੀ ਗੱਲਬਾਤ ਦੇ ਅਧੂਰੇ ਅੰਸ਼ ਦਿਖਾਏ ਹਨ। ਸਾਧੂ ਸਿੰਘ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਉਹ ਬੇਦਾਗ ਹਨ। ਇਸ ਤੋਂ ਪਹਿਲਾਂ ਸ਼ੇਰ ਸਿੰਘ ਘੁਬਾਇਆ ਕਥਿਤ ਤੌਰ 'ਤੇ ਵੋਟਾਂ ਮੁੱਲ ਖਰੀਦਣ ਸਮੇਤ ਚੋਣ ਖਰਚਾ 30 ਕਰੋੜ ਰੁਪਏ ਤਕ ਪਹੁੰਚਣ ਦੀ ਗੱਲ ਕਹਿ ਚੁੱਕੇ ਸਨ। ਹਾਲਾਂਕਿ, ਕਾਂਗਰਸ ਦੇ ਸੰਤੋਖ ਚੌਧਰੀ ਪੱਤਰਕਾਰਾਂ ਦੇ ਬਹੁਤੇ ਲਪੇਟੇ ਵਿੱਚ ਤਾਂ ਨਹੀਂ ਆਏ, ਪਰ ਕਥਿਤ ਸਟਿੰਗ ਵਿੱਚ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਸਿਸਟਮ ਵਿੱਚ ਗੜਬੜੀਆਂ ਚੱਲਦੀਆਂ ਸਨ ਤੇ ਰਿਸ਼ਵਤਖੋਰੀ ਨਾਲ ਹੱਲ ਵੀ ਜਾਂਦੀਆਂ ਸੀ।
ਚੋਣ ਮੈਦਾਨ ਭਖਦਿਆਂ ਹੀ ਆਈ ਸਟਿੰਗ ਆਪ੍ਰੇਸ਼ਨਾਂ ਦੀ ਰੁੱਤ, ਪੰਜਾਬ ਦੇ 3 ਐਮਪੀ ਲਪੇਟੇ 'ਚ
ਏਬੀਪੀ ਸਾਂਝਾ
Updated at:
06 Apr 2019 05:26 PM (IST)
ਸਭ ਤੋਂ ਪਹਿਲਾਂ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਫਿਰ ਫ਼ਿਰੋਜ਼ਪੁਰ ਤੋਂ ਅਕਾਲੀ ਦਲ ਤੋਂ ਬਾਹਰ ਹੋਏ ਐਮਪੀ ਸ਼ੇਰ ਸਿੰਘ ਘੁਬਾਇਆ ਤੇ ਹੁਣ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਦਾ ਕਥਿਤ ਸਟਿੰਗ ਵਾਇਰਲ ਹੋ ਰਿਹਾ ਹੈ।
- - - - - - - - - Advertisement - - - - - - - - -