ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਜਾਰੀ ਟਕਰਾਅ ਹੋਰ ਡੂੰਘਾ ਹੋ ਸਕਦਾ ਹੈ। ਕੈਪਟਨ ਨੇ ਆਪਣਾ ਦਿੱਲੀ ਦੌਰਾ ਰੱਦ ਕਰ ਦਿੱਤਾ ਹੈ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਵਿਦੇਸ਼ ਦੌਰੇ 'ਤੇ ਲੰਡਨ ਗਏ ਹੋਏ ਹਨ। ਹੁਣ ਇਸ ਮਾਮਲੇ ਦਾ ਹੱਲ ਉਨ੍ਹਾਂ ਦੇ ਭਾਰਤ ਪਰਤਣ 'ਤੇ ਸੰਭਵ ਹੋ ਸਕਦਾ ਹੈ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਨੂੰ ਨਵੀਂ ਦਿੱਲੀ ’ਚ ਹੋਣ ਜਾ ਰਹੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ, ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਆਪਣੀ ਥਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਬੈਠਕ ਵਿੱਚ ਸ਼ਾਮਲ ਹੋਣਗੇ। ਇਸ ਦੌਰੇ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਮੁਲਾਕਾਤ ਵੀ ਕਰਨੀ ਸੀ। ਰਾਹੁਲ ਗਾਂਧੀ ਨੇ ਕੈਪਟਨ-ਸਿੱਧੂ ਦੀ ਸੁਲਾਹ ਕਰਵਾਉਣ ਦੀ ਜ਼ਿੰਮੇਵਾਰੀ ਅਹਿਮਦ ਪਟੇਲ ਨੂੰ ਸੌਂਪੀ ਹੋਈ ਹੈ। ਅਜਿਹੇ ਵਿੱਚ ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਸੀ। ਉੱਧਰ, ਸਿੱਧੂ ਨੇ ਵੀ ਹੁਣ ਤਕ ਨਵੇਂ ਅਲਾਟ ਹੋਏ ਬਿਜਲੀ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ। ਅਜਿਹੇ ਵਿੱਚ ਕੈਪਟਨ ਵੱਲੋਂ ਕਾਂਗਰਸੀ ਹਾਈਕਮਾਨ ਤੋਂ ਬਣਾਈ ਦੂਰੀ ਕਾਰਨ ਇਹ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ।