ਚੰਡੀਗੜ੍ਹ: ਬਾਦਲ ਪਰਿਵਾਰ ਦੀ ਨੂੰਹ ਕਿਹੜੇ ਹਲਕੇ ਤੋਂ ਸੀਟ ਲੜੇਗੀ, ਇਸ ਦਾ ਨਿਬੇੜਾ ਹੋਣ ਵਿੱਚ ਹਾਲੇ ਸਮਾਂ ਲੱਗੇਗਾ। ਸੂਤਰਾਂ ਮੁਤਾਬਕ ਪਾਰਟੀ ਦੇ ਬਹੁਤੇ ਲੀਡਰਾਂ ਦਾ ਝੁਕਾਅ ਹੈ ਕਿ ਹਰਸਿਮਰਤ ਬਾਦਲ ਨੂੰ ਬਠਿੰਡਾ ਤੋਂ ਹੀ ਚੋਣ ਲੜਾਈ ਜਾਵੇ ਜਦਕਿ ਕੁਝ ਸੇਫ ਸੀਟ ਫ਼ਰੀਦਕੋਟ 'ਤੇ ਜਾਣ ਦੀ ਸਲਾਹ ਦੇ ਰਹੇ ਹਨ।


ਅਕਾਲੀ ਦਲ ਆਪਣੇ ਉਮੀਦਵਾਰ ਤੈਅ ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਿਹਾ ਹੈ, ਪਰ ਹਾਲੇ ਸਿੱਟੇ 'ਤੇ ਨਹੀਂ ਪੁੱਜਿਆ। ਹਾਲਾਂਕਿ, ਜਲੰਧਰ ਅਤੇ ਖਡੂਰ ਸਾਹਿਬ ਹਲਕਿਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਤੈਅ ਹਨ ਪਰ ਬਾਕੀ ਸੀਟਾਂ 'ਤੇ ਪਾਰਟੀ ਆਪਣੀ ਪਕੜ ਢਿੱਲੀ ਨਹੀਂ ਪੈਣ ਦੇਣੀ ਚਾਹੁੰਦੀ, ਇਸੇ ਲਈ ਫ਼ਤਹਿਗੜ੍ਹ ਸਾਹਿਬ ਸੀਟ ਤੇ ਬਠਿੰਡਾ ਲਈ ਕਾਫੀ ਵਿਚਾਰ ਚਰਚਾਵਾਂ ਹੋ ਰਹੀਆਂ ਹਨ।

ਇਸ ਦੁਚਿੱਤੀ ਦੇ ਆਲਮ ’ਚ ਬਾਦਲ ਪਰਿਵਾਰ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਸੰਸਦੀ ਹਲਕਾ ਬਦਲਣ ਕਾਰਨ 2022 ’ਚ ਇਸ ਦਾ ਅਸਰ ਵਿਧਾਨ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ। ਹਾਲਾਂਕਿ, ਮੌਜੂਦਾ ਹਾਲਾਤ ’ਚ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਉਮੀਦਵਾਰ ਸੌਖਿਆਂ ਹੀ ਜਿੱਤ ਦਰਜ ਕਰ ਲਵੇਗਾ।

ਜੇਕਰ ਹਰਸਿਮਰਤ ਬਾਦਲ ਬਠਿੰਡਾ ਤੋਂ ਹੀ ਚੋਣ ਲੜਦੇ ਹਨ ਤਾਂ ਚੋਣ ਮੁਕਾਬਲਾ ਦਿਲਚਸਪ ਹੋਵੇਗਾ ਕਿਉਂਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇੱਥੋਂ ਪਹਿਲਾਂ ਹੀ ਉਮੀਦਵਾਰ ਬਣ ਗਏ ਹਨ। ਹਾਲਾਂਕਿ, ਕਾਂਗਰਸ ਤੇ ਆਮ ਆਮਦੀ ਪਾਰਟੀ ਵੱਲੋਂ ਵੀ ਸੋਚ ਵਿਚਾਰ ਤੋਂ ਬਾਅਦ ਹੀ ਬਠਿੰਡਾ ਦੇ ਮੈਦਾਨ ਤੋਂ ਉਮੀਦਵਾਰ ਉਤਾਰਿਆ ਜਾਵੇਗਾ। ਅਜਿਹੇ ਵਿੱਚ ਇਹ ਸਿਆਸੀ ਮੁਕਾਬਲਾ ਰੌਚਕ ਹੋਵੇਗਾ।