Punjab News: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਦਰਮਿਆਨ ਬਠਿੰਡਾ ਕੈਂਟ ਤੋਂ ਫੌਜ ਨੇ ਇਕ ਮੋਚੀ ਨੂੰ ਪਾਕਿਸਤਾਨ ਨੂੰ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਫੌਜ ਦੀ ਖੁਫੀਆ ਵਿੰਗ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਈ। ਦੋਸ਼ੀ ਸੁਨੀਲ ਕੁਮਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਨਿਵਾਸੀ ਹੈ। ਪੁਲਿਸ ਨੇ ਉਸ ਉੱਤੇ ਜਾਸੂਸੀ ਦਾ ਕੇਸ ਦਰਜ ਕਰ ਲਿਆ ਹੈ।
ਵਟਸਐਪ 'ਤੇ ਪਾਕਿ ਮਹਿਲਾ ਦੇ ਨਾਲ ਮਿਲੀ ਸ਼ੱਕੀ ਚੈਟ
ਪੁਲਿਸ ਤੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ, ਸੁਨੀਲ ਕੁਮਾਰ ਪਿਛਲੇ 10 ਸਾਲ ਤੋਂ ਬਠਿੰਡਾ ਦੇ ਬੇਅੰਤ ਨਗਰ 'ਚ ਰਹਿ ਰਿਹਾ ਸੀ। ਉਹ ਬਠਿੰਡਾ ਕੈਂਟ 'ਚ ਮੋਚੀ ਦਾ ਕੰਮ ਕਰਦਾ ਸੀ। ਫੌਜ ਦੀ ਖੁਫੀਆ ਏਜੰਸੀ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਉਸਦੇ ਮੋਬਾਈਲ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਪਾਕਿਸਤਾਨ ਦੀ ਇਕ ਔਰਤ ਨਾਲ ਵਟਸਐਪ 'ਤੇ ਸ਼ੱਕੀ ਚੈਟ ਮਿਲੀ।
ਇਹ ਚੈਟਿੰਗ 2023 ਦੀ ਹੈ, ਪਰ ਜਦੋਂ ਫੌਜੀ ਅਧਿਕਾਰੀਆਂ ਨੇ ਉਸ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਸੀ। ਬਾਅਦ 'ਚ ਉਸ ਲੜਕੀ ਨੇ ਉਸਨੂੰ ਪੈਸਿਆਂ ਦਾ ਲਾਲਚ ਦਿੱਤਾ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਲੜਕੀ ਨੂੰ ਬਠਿੰਡਾ ਕੈਂਟ ਨਾਲ ਜੁੜੀ ਜਾਣਕਾਰੀਆਂ ਭੇਜ ਰਿਹਾ ਸੀ। ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਥਾਣਾ ਕੈਂਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਕਰ ਰਹੀ ਜਾਂਚ
ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਕਿਹਾ- "ਸੋਸ਼ਲ ਮੀਡੀਆ 'ਤੇ ਕੁਝ ਵਾਇਰਲ ਵੀਡੀਓਜ਼ ਰਾਹੀਂ ਇਹ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਬਠਿੰਡਾ ਪੁਲਿਸ ਨੇ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਬਠਿੰਡਾ ਛਾਉਣੀ ਵੱਲੋਂ ਮਿਲੀ ਸੂਚਨਾ ਦੇ ਅਧਾਰ 'ਤੇ ਸੁਨੀਲ ਕੁਮਾਰ ਨਾਂ ਦੇ ਵਿਅਕਤੀ ਨੂੰ, ਜੋ ਕਿ ਬਿਹਾਰ ਦਾ ਨਿਵਾਸੀ ਹੈ, ਸ਼ੱਕ ਦੇ ਆਧਾਰ 'ਤੇ ਪੁਲਿਸ ਨੂੰ ਸੌਂਪਿਆ ਗਿਆ ਸੀ। ਉਸਦੇ ਮੋਬਾਈਲ ਡਾਟੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਉਹ ਜਾਸੂਸ ਹੈ, ਐਸਾ ਕੋਈ ਸਬੂਤ ਨਹੀਂ ਮਿਲਿਆ। ਅਸੀਂ ਐਫਆਈਆਰ ਦਰਜ ਕਰ ਲਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।"
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਸਖਤ ਕਰ ਦਿੱਤਾ ਗਿਆ ਹੈ। ਚੱਪੇ-ਚੱਪੇ ਉੱਤੇ ਪੁਲਿਸ ਮੌਜੂਦ ਹੈ।