ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ 'ਤੇ ਹਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਦਿੱਲੀ-ਹਰਿਆਣਾ ਵਿੱਚ ਸਥਿਤ ਸਿੰਘੂ ਬਾਰਡਰ 'ਤੇ ਪਿਛਲੇ ਦੋ ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦੱਸ ਦੇਈਏ ਕਿ ਸਿੰਘੂ ਬਾਰਡਰ ਕਿਸਾਨ ਅੰਦੋਲਨ ਦਾ ਮੁੱਖ ਕੇਂਦਰ ਹੈ। ਜਾਣਕਾਰੀ ਅਨੁਸਾਰ ਕੁਝ ਲੋਕ ਤਿਰੰਗਾ ਯਾਤਰਾ ਦੇ ਨਾਂ 'ਤੇ ਧਰਨੇ ਵਾਲੀ ਥਾਂ ਪਹੁੰਚੇ ਤੇ ਕਿਸਾਨਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਮਗਰੋਂ ਪੱਥਰਬਾਜ਼ੀ ਸ਼ੁਰੂ ਹੋ ਗਈ। ਪੱਥਰਬਾਜ਼ਾ ਨੇ ਕਿਸਾਨਾਂ ਦੇ ਟੈਂਟ ਵੀ ਉਖਾੜੇ ਹਨ। ਦੱਸ ਦੇਈਏ ਕਿ ਪਿਛਲੇ ਦੋ ਮਹੀਨੇ ਤੋਂ ਹਲਾਤ ਇੱਕਦਮ ਸ਼ਾਂਤੀਪੂਰਨ ਸੀ ਪਰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਸਥਾਨਕ ਵਾਸੀ ਹਨ ਤੇ ਉਹ ਤਿਰੰਗੇ ਦਾ ਅਪਮਾਨ ਨਹੀਂ ਸਹਿ ਸਕਦੇ ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਹਿ ਰਹੇ ਸੀ। ਹਾਲਾਤ ਤਣਾਅਪੂਰਨ ਹੋਣ ਮਗਰੋਂ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਹਨ। ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਭੀੜ ਧਰਨੇ ਵਾਲੀ ਥਾਂ ਤਕ ਪਹੁੰਚੀ ਕਿਦਾਂ ਹੈ। ਪੁਲਿਸ ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਪੁਲਿਸ ਨੇ ਉਨ੍ਹਾਂ ਲੋਕਾਂ ਦੀ ਭੀੜ ਨੂੰ ਧਰਨੇ ਵਾਲੀ ਥਾਂ ਤੱਕ ਜਾਣ ਕਿਉਂ ਦਿੱਤਾ। ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ।