ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ (CBI) ਨੇ ਖੁਰਾਕ ਨਿਗਮ (FCI) ਲਈ ਚੌਲਾਂ ਤੇ ਕਣਕ ਭੰਡਾਰ ਕਰਨ ਕਰਕੇ ਪੰਜਾਬ ਦੇ 40 ਤੇ ਹਰਿਆਣਾ ਦੇ 10 ਗੋਦਾਮਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਛਾਪੇਮਾਰੀ ਵੀਰਵਾਰ ਦੀ ਰਾਤ ਸ਼ੁਰੂ ਹੋਈ, ਜਿਸ ਦੌਰਾਨ ਸੀਆਰਪੀਐਫ ਦੇ ਜਵਾਨਾਂ ਨਾਲ ਕੇਂਦਰੀ ਏਜੰਸੀ ਦੀਆਂ ਕਈ ਟੀਮਾਂ ਗੋਦਾਮਾਂ 'ਤੇ ਪਹੁੰਚੀਆਂ। ਕਥਿਤ ਤੌਰ 'ਤੇ ਸੂਬਾ ਸਰਕਾਰ ਨੂੰ ਵੀ ਇਸ ਕਾਰਵਾਈ ਬਾਰੇ ਸੂਚਿਤ ਨਹੀਂ ਕੀਤਾ ਗਿਆ।


ਇਹ ਪਤਾ ਲੱਗਿਆ ਹੈ ਕਿ ਟੀਮਾਂ ਵੱਲੋਂ ਸਾਲ 2019-20 ਤੇ 2020-21 ਦੇ ਸਟਾਕਾਂ ਵਿੱਚੋਂ ਕਣਕ ਤੇ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਨਗ੍ਰੇਨ ਤੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਲਗਪਗ ਸਾਰੇ ਗੋਦਾਮਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਪੰਜਾਬ ਦੇ ਮੋਗਾ, ਫਾਜ਼ਿਲਕਾ, ਪੱਟੀ ਵਿਖੇ ਵੀ ਛਾਪੇ ਮਾਰੇ ਜਾ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਛਾਪੇ ਸ਼ੁੱਕਰਵਾਰ ਸਵੇਰੇ ਦੁਪਹਿਰ ਤੱਕ ਜਾਰੀ ਰਹੇਗੀ। ਕੁਝ ਥਾਂਵਾਂ 'ਤੇ ਛਾਪੇਮਾਰੀ ਕੁਝ ਦੇਰ ਲਈ ਰੋਕਣ ਮਗਰੋਂ ਮੁੜ ਸ਼ੁਰੂ ਕੀਤੀ ਗਈ।