Punjab News: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੂੰ ਸੰਗਠਨਾਂ ਦੇ ਕੰਮਕਾਜ ਵਿੱਚ ਅੰਦਰੂਨੀ ਲੋਕਤੰਤਰ ਦੀ ਸ਼ੁਰੂਆਤ ਕਰਨ ਲਈ ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਤੋਂ ਸਿੱਖਿਆ ਲੈਣ ਦਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ, ਕਾਂਗਰਸ ਨੇ ਆਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ਲਈ ਆਪਣੇ ਸੰਗਠਨ ਦੇ ਦਾਇਰੇ ਵਿੱਚ ਚੋਣਾਂ ਕਰਵਾ ਕੇ ਇੱਕ ਰਸਤਾ ਦਿਖਾਇਆ ਹੈ ਅਤੇ ਇੱਕ ਮਿਸਾਲ ਕਾਇਮ ਕੀਤੀ ਹੈ।


ਬਾਜਵਾ ਨੇ ਕਿਹਾ, “ਮੇਰੇ ਖਿਆਲ ਵਿੱਚ ਹੁਣ ਸਮਾਂ ਆ ਗਿਆ ਹੈ ਕਿ ਹੋਰ ਸਿਆਸੀ ਪਾਰਟੀਆਂ ਵੀ ਇਸ ਦੀ ਪੈਰਵੀ ਕਰਨ।” ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਜਦੋਂ ਆਪਣਾ ਰਾਸ਼ਟਰੀ ਪ੍ਰਧਾਨ ਨਿਯੁਕਤ ਕਰਨ ‘ਤੇ ਉਤਰ ਆਈ ਸੀ ਤਾਂ ਉਸ ਵਿਚ ਕੋਈ ਅੰਦਰੂਨੀ ਲੋਕਤੰਤਰ ਨਹੀਂ ਸੀ।


ਭਗਵਾ ਪਾਰਟੀ ਜਿਸ ਨੇ ਕਦੇ ਇੱਕ ਫਰਕ ਵਾਲੀ ਪਾਰਟੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੋਂ ਆਪਣੀ ਵਿਚਾਰਧਾਰਕ ਅਤੇ ਰਾਜਨੀਤਿਕ ਤਾਕਤ ਖਿੱਚੀ ਸੀ, ਨੂੰ ਯਾਦ ਕਰਨਾ ਚਾਹੀਦਾ ਹੈ ਕਿ ਇਸ ਨੇ ਆਪਣੇ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਪਾਰਟੀ ਦੇ ਅੰਦਰ ਆਖਰੀ ਵਾਰ ਕਦੋਂ ਚੋਣਾਂ ਕਰਵਾਈਆਂ ਸਨ।


ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜੋ ਸੌ ਸਾਲ ਤੋਂ ਵੱਧ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੋਣ ਦਾ ਮਾਣ ਕਰਦਾ ਹੈ, ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸ ਚੋਣ ਪ੍ਰਕਿਰਿਆ ਤਹਿਤ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ ਹੈ। ਬਾਜਵਾ ਨੇ ਕਿਹਾ, “ਹੁਣ ਵੀ ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਲਗਾਤਾਰ ਦੋ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਸ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਅਗਵਾਈ ਕਿਸੇ ਹੋਰ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਜੋ ਇਸ ਤੋਂ ਵੱਧ ਲਾਇਕ ਹੋ ਸਕਦਾ ਹੈ।


ਬਾਜਵਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਨਾਂ ਨਾਲ ਹਾਲ ਹੀ ਵਿੱਚ ਬਣੀ ਸਿਆਸੀ ਜਥੇਬੰਦੀ ਨੇ ਇਸ ਮੋਰਚੇ ‘ਤੇ ਸਭ ਨੂੰ ਨਿਰਾਸ਼ ਕੀਤਾ ਹੈ। ‘ਆਪ’ ਦਾ ਸੰਵਿਧਾਨ ਸਪੱਸ਼ਟ ਤੌਰ ‘ਤੇ ਇਸ ਦੇ ਕੌਮੀ ਕਨਵੀਨਰ ਦੀ ਮਿਆਦ ਦੋ ਸਾਲਾਂ ਲਈ ਨਿਰਧਾਰਤ ਕਰਦਾ ਹੈ ਅਤੇ ਉਹੀ ਕਨਵੀਨਰ ਕਿਸੇ ਹੋਰ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ ਜਦਕਿ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਦੇ ਅਹੁਦੇ ‘ਤੇ ਬਣੇ ਰਹਿਣ ਲਈ ਆਪਣੀ ਹੀ ਪਾਰਟੀ ਦੇ ਸੰਵਿਧਾਨ ਦੀ ਅਣਦੇਖੀ ਕੀਤੀ ਹੈ।


ਬਾਜਵਾ ਨੇ ਕਿਹਾ ਕਿ ਇਸ ਨੂੰ ਸੱਤਾ ਦਾ ਲਾਲਚ ਕਿਹਾ ਜਾਂਦਾ ਹੈ। ਉਸ ਦੇ ਸਾਬਕਾ ਸਹਿਯੋਗੀ ਜਿਵੇਂ ਕਿ ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਪ੍ਰਸ਼ਾਂਤ ਭੂਸ਼ਣ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਮੁੱਖ ਤੌਰ ‘ਤੇ ਸੰਗਠਨ ਵਿਚ ਅੰਦਰੂਨੀ ਲੋਕਤੰਤਰ ਦੀ ਘਾਟ ਕਾਰਨ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਛੱਡ ਦਿੱਤਾ ਸੀ।