ਚੰਡੀਗੜ੍ਹ: ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਵੀ ਸੰਗਤਾਂ ਨਿਰਾਸ਼ ਹਨ। ਇਸ ਦੀ ਵਜ੍ਹਾ ਸਖਤ ਨਿਯਮ ਤੇ ਦਰਸਤਾਵੇਜ਼ੀ ਕਾਰਵਾਈ ਹੈ। ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਤੋਂ ਸੰਗਤ ਡੇਰਾ ਬਾਬਾ ਨਾਨਕ ਪਹੁੰਚ ਰਹੀ ਹੈ ਪਰ ਕਾਗਜ਼ਾਂ 'ਚ ਮਾਮੂਲੀ ਕਮੀ ਕੱਢ ਕੇ ਕਈਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਅਕਸਰ ਸ਼ਰਧਾਲੂਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਇੱਥੇ ਤਾਇਨਾਤ ਮੁਲਾਜ਼ਮ ਤੇ ਅਧਿਕਾਰੀ ਦਸਤਾਵੇਜ਼ਾਂ ’ਚ ਮਾਮੂਲੀ ਤਰੁੱਟੀ ਕੱਢ ਕੇ ਵਾਪਸ ਘਰਾਂ ਨੂੰ ਭੇਜ ਦਿੰਦੇ ਹਨ।

ਇਹ ਮਾਮਲਾ ਲੋਕ ਸਭਾ ਵਿੱਚ ਵੀ ਗੂੰਜਿਆ ਹੈ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਵਿੱਚ ਕੋਰੀਡੋਰ ਟਰਮੀਨਲ ’ਚ ਕੰਮ ਕਰਦੇ ਅਧਿਕਾਰੀਆਂ ਦੇ ਰਵੱਈਏ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼ਰਧਾਲੂ ਨੇ ਰਜਿਸਟ੍ਰੇਸ਼ਨ ਫਾਰਮ ਭਰ ਲਏ, ਪੁਲਿਸ ਜਾਂਚ ਹੋ ਗਈ ਤੇ ਇਮੀਗ੍ਰੇਸ਼ਨ ਵੱਲੋਂ ਸ਼ਰਧਾਲੂ ਨੂੰ ਦੱਸੀ ਮਿਤੀ ’ਤੇ ਜਾਣ ਦਾ ਸੰਦੇਸ਼ ਮਿਲ ਗਿਆ, ਇਸ ਦੇ ਬਾਵਜੂਦ ਮਾਮੂਲੀ ਤਰੁੱਟੀ ਕੱਢ ਕੇ ਸ਼ਰਧਾਲੂ ਨੂੰ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ।

ਸੂਤਰ ਦੱਸਦੇ ਕਿ 500 ਸ਼ਰਧਾਲੂਆਂ ਪਿੱਛੇ ਲਗਪਗ 100 ਜਣਿਆਂ ਨੂੰ ਮਾਮੂਲੀ ਤਰੁੱਟੀਆਂ ਕਾਰਨ ਕੋਰੀਡੋਰ ਟਰਮੀਨਲ ਤੋਂ ਘਰ ਪਰਤਣਾ ਪੈਂਦਾ ਹੈ। ਕੁਝ ਦਿਨ ਪਹਿਲਾਂ ਇਗਲੈਂਡ ਤੋਂ ਇੱਕ ਜੋੜਾ ਉਚੇਚੇ ਤੌਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਆਇਆ ਸੀ। ਉਨ੍ਹਾਂ ਕੋਰੀਡੋਰ ਟਰਮੀਨਲ ’ਤੇ ਪਹੁੰਚਣ ਤੋਂ ਪਹਿਲਾਂ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਸੀ ਪਰ ਟਰਮੀਨਲ ਅੰਦਰ ਸਬੰਧਤ ਅਧਿਕਾਰੀਆਂ ਨੇ ਉਸ ਜੋੜੇ ਨੂੰ ਇਹ ਕਹਿ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਦੋਵਾਂ ਦੇ ਨਾਂ ਵਿੱਚ ‘ਸਪੇਸ’ ਨਹੀਂ ਪਾਈ ਗਈ।

ਉਸ ਜੋੜੇ ਵੱਲੋਂ ਅਧਿਕਾਰੀਆਂ ਨੂੰ ਸੰਤੁਸ਼ਟ ਕਰਵਾਉਣ ਦੇ ਬਹੁਤ ਯਤਨ ਹੋਏ, ਪਰ ਪੱਲੇ ਨਿਰਾਸ਼ਾ ਹੀ ਪਈ। ਜਾਣਕਾਰ ਦਸਦੇ ਹਨ ਕਿ ਤਿੰਨ ਦਿਨ ਪਹਿਲਾਂ ਹੁਣ ਤੱਕ ਦੇ ਸਭ ਤੋਂ ਵੱਧ 1467 ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ, ਅਸਲ ਵਿੱਚ ਉਸ ਦਿਨ ਕੋਰੀਡੋਰ ਟਰਮੀਨਲ ’ਤੇ ਲਗਪਗ ਦੋ ਹਜ਼ਾਰ ਦੇ ਕਰੀਬ ਸ਼ਰਧਾਲੂ ਪਹੁੰਚੇ ਹੋਏ ਸਨ। ਉਸ ਦਿਨ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਕਾਗਜ਼ਾਂ ਵਿੱਚ ਮਾਮੂਲੀ ਤਰੁੱਟੀਆਂ ਕਾਰਨ ਬਾਕੀਆਂ ਨੂੰ ਨਿਰਾਸ਼ ਘਰਾਂ ਨੂੰ ਪਰਤਣਾ ਪਿਆ।