Sidhu Moosewala News: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਸਾਲ ਹੋ ਗਿਆ ਹੈ ਪਰ ਉਹ ਅਜੇ ਵੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ ਲਈ ਸਰਕਾਰ ਨੂੰ ਘੇਰ ਰਹੇ ਹਨ ਤੇ ਦੂਜੇ ਪਾਸੇ ਤਾਜ਼ਾ ਖਬਰ ਆਈ ਹੈ ਕਿ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਤੇ ਉਸ ਦੀ ਯਾਦਗਾਰ ਨੇੜੇ ਮਾਨਸਾ ਪੁਲਿਸ ਨੇ ਅਚਨਚੇਤ ਸੁਰੱਖਿਆ ਦੇ ਸਖਤ ਬੰਦੋਬਸਤ ਕਰ ਦਿੱਤੇ ਹਨ। ਪੁਲਿਸ ਮੁਤਾਬਕ ਇਹ ਸੁਰੱਖਿਆ ਪ੍ਰਬੰਧ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਰਹੀਆਂ ਧਮਕੀਆਂ ਕਰਕੇ ਕੀਤੇ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਹੁਣ ਹਵੇਲੀ ਦੇ ਮੁੱਖ ਗੇਟ ਤੇ ਪਿਛਲੇ ਪਾਸੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਘਰ ਅੰਦਰ ਆਉਣ-ਜਾਣ ਵਾਲੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾਵੇ। ਇਸ ਦੇ ਨਾਲ ਹੀ ਟਾਹਲੀ ਵਾਲੇ ਖੇਤ ਵਿੱਚ ਬਣੀ ਯਾਦਗਾਰ ਤੋਂ ਇਲਾਵਾ ਹਵੇਲੀ ਨੇੜੇ 50 ਗਜ਼ ਤੱਕ ਸੜਕ ਦੇ ਦੋਵੇਂ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ 24 ਘੰਟੇ ਸ਼ਿਫ਼ਟਾਂ ’ਚ ਇੱਥੇ ਡਿਊਟੀ ਦੇਣਗੇ। ਮੁੱਖ ਗੇਟ ’ਤੇ ਚਾਰ ਮਹਿਲਾ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। 


ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਮਰਹੂਮ ਗਾਇਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਤੇ ਹਾਲਾਤ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅਜਿਹਾ ਕੀਤਾ ਗਿਆ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਲਗਪਗ 42 ਸੁਰੱਖਿਆ ਕਰਮੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਲਾਏ ਗਏ ਹਨ, ਜਿਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਤਾਇਨਾਤੀ ਦੌਰਾਨ ਬਿਨਾਂ ਡਿਊਟੀ ਦੇ ਕੰਮ ਤੋਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ। 


ਪ੍ਰਾਪਤ ਜਾਣਕਾਰੀ ਅਨੁਸਾਰ ਮੂਸਾ ਪਿੰਡ ਵਿੱਚ ਨਾਕਿਆਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਐਸਡੀਸੀ ਨੂੰ ਸੌਂਪੀ ਗਈ ਹੈ ਤੇ ਐਮਟੀਓ ਪੁਲੀਸ ਲਾਈਨ ਨੂੰ ਡਿਊਟੀ ਸਬੰਧੀ ਲੋੜੀਂਦੀਆਂ ਗੱਡੀਆਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੁਲੀਸ ਨੇ ਹਵੇਲੀ ਦੇ ਮੁੱਖ ਗੇਟ ’ਤੇ ਲੱਗੀ ਪੱਕੀ ਗਾਰਦ ਨੂੰ ਕਿਹਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਗੰਨਮੈਨਾਂ ਨੂੰ ਅਸਲਾ ਲੈ ਕੇ ਗੇਟ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ।