ਬਠਿੰਡਾ  : ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ਦੇ ਤੋੜੇ ਜਾਣ ਦੀ ਸੂਚਨਾ ਫੈਲਣ ਨਾਲ ਪੁਲਿਸ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨੀਵਾਰ ਨੂੰ ਜੇਲ੍ਹ ਦਾ ਦੌਰਾ ਕੀਤਾ ਸੀ। ਜੇਲ੍ਹ ਮੰਤਰੀ ਦੇ ਦੌਰੇ ਤੋਂ ਬਾਅਦ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਕਿਸੇ ਵੀ ਸਮੇਂ ਜੇਲ੍ਹ ਤੋੜ ਸਕਦੇ ਹਨ। 


 

ਇਸ ਤੋਂ ਤੁਰੰਤ ਬਾਅਦ ਐਸਪੀਡੀ ਤਰੁਣ ਭਾਰੀ ਪੁਲਿਸ ਫੋਰਸ ਸਮੇਤ ਜੇਲ੍ਹ ਪਹੁੰਚ ਗਏ। ਜਿੱਥੇ ਜੇਲ੍ਹ ਸੁਪਰਡੈਂਟ ਐਨਡੀ ਨੇਗੀ ਨਾਲ ਗੱਲਬਾਤ ਕਰਨ ਤੋਂ ਬਾਅਦ ਜੇਲ੍ਹ ਦੇ ਬਾਹਰ ਸਖ਼ਤ ਪਹਿਰਾ ਲਾਇਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਹਥਿਆਰਾਂ ਸਮੇਤ 22 ਨਵੇਂ ਕਮਾਂਡੋ ਤਾਇਨਾਤ ਕੀਤੇ ਗਏ ਹਨ।
 

ਸ਼ਨੀਵਾਰ ਨੂੰ ਜ਼ਿਲਾ ਪੁਲਿਸ ਵੱਲੋਂ ਜੇਲ੍ਹ ਦੇ ਅੰਦਰ ਮੌਕਡ੍ਰਿਲ ਵੀ ਕੀਤੀ ਗਈ। ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਜੇਲ੍ਹ ਅੰਦਰ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਕਿਵੇਂ ਨਜਿੱਠਣਾ ਹੈ। ਇਸ ਜੇਲ੍ਹ ਵਿੱਚ 60 ਤੋਂ ਵੱਧ ਖ਼ਤਰਨਾਕ ਗੈਂਗਸਟਰ ਬੰਦ ਹਨ। ਸ਼ਨੀਵਾਰ ਨੂੰ ਜੇਲ੍ਹ ਮੰਤਰੀ ਬੈਂਸ ਨੇ ਇਨ੍ਹਾਂ ਨਾਲ ਗੱਲਬਾਤ ਕੀਤੀ।

 

ਜੇਲ੍ਹ ਸੁਪਰਡੈਂਟ ਪ੍ਰਸ਼ਾਸਨ ਨੂੰ ਕਰਫਿਊ ਲਾਉਣ ਲਈ ਲਿਖਿਆ ਹੈ ਪੱਤਰ  


ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਨੂੰ ਲੈ ਕੇ ਜੇਲ੍ਹ ਦੀ ਸੁਰੱਖਿਆ ਪੂਰੀ ਤਰ੍ਹਾਂ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਵੱਲੋਂ ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਸ਼ਾਮ ਵੇਲੇ ਜੇਲ੍ਹ ਦੇ ਨਾਲ ਲੱਗਦੇ ਤਿੰਨ ਸੌ ਮੀਟਰ ਦੇ ਘੇਰੇ ਵਿੱਚ ਕਰਫ਼ਿਊ ਲਗਾਇਆ ਜਾਵੇ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਜੇਲ੍ਹ ਸੁਪਰਡੈਂਟ ਦੇ ਪੱਤਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਪੱਤਰ ਦਾ ਕੋਈ ਜਵਾਬ ਦਿੱਤਾ ਗਿਆ ਹੈ।