ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਨੇ ‘ਐਸਵਾਈਐਲ’ ਗੀਤ ’ਤੇ ਪਾਬੰਦੀ ਦਾ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਕੇ ਕਿਹਾ ਕਿ ‘ਐਸਵਾਈਐਲ’ ਗੀਤ ਦਰਿਆਈ ਪਾਣੀਆਂ ਤੇ ਬੰਦੀ ਸਿੰਘਾਂ ਦੀ ਤਕਲੀਫ਼ ਸਬੰਧੀ ਰਿਪੇਰੀਅਨ ਸਿਧਾਂਤ ਤੇ ਪੰਜਾਬੀਆਂ ਦੀ ਭਾਵਨਾਵਾਂ ਨੂੰ ਦਰਸਾਉਂਦਾ ਹੈ। 


 




ਉਨ੍ਹਾਂ ਕਿਹਾ ਕਿ ਕਿਸੇ ਵੀ ਬਹਾਨੇ ਨਾਲ ਇਸ ਗੀਤ ’ਤੇ ਪਾਬੰਦੀ ਲਾਉਣੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਜਮਹੂਰੀ ਅਧਿਕਾਰ ਤੇ ਲਿਖਣ-ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾਂਦਾ ਹੈ।


ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਿੰਨ-ਚਾਰ ਦਿਨ ਪਹਿਲਾਂ ਰਿਲੀਜ਼ ਹੋਏ ਨਵੇਂ ਗੀਤ ‘ਐਸਵਾਈਐਲ’ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਵਿੱਚ ਪੰਜਾਬ ਤੇ ਹਰਿਆਣਾ ਵਿਚਕਾਰ ਐਸਵਾਈਐਲ (ਸਤਲੁਜ-ਯੁਮਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਉਭਾਰੇ ਗਏ ਸਨ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਸੀ। 


ਯੂ-ਟਿਊਬ ’ਤੇ ਗਾਣੇ ਦੇ ਲਿੰਕ ’ਤੇ ਕਲਿਕ ਕਰਨ ’ਤੇ ਪਤਾ ਲੱਗਦਾ ਹੈ ਕਿ ਕੇਂਦਰ ਦੀ ਸ਼ਿਕਾਇਤ ਮਗਰੋਂ ‘ਐਸਵਾਈਐਲ’ ਗਾਣੇ ਨੂੰ ਭਾਰਤ ’ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਹੁਣ ਤੱਕ 2.8 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਵਪਾਰਕ ਪੱਖੋਂ ਇਹ ਗੀਤ ਪਹਿਲੇ ਨੰਬਰ ’ਤੇ ਆ ਗਿਆ ਸੀ, ਜਿਸ ਦੇ 3.4 ਕਰੋੜ ਕੁਮੈਂਟ ਵੀ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਇਹ ਗੀਤ ਇੱਕ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ।


 


ਉਧਰ, ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ‘ਐਸਵਾਈਐਲ’ ਗੀਤ ਨੂੰ ਸੌ ਫੀਸਦੀ ਸੱਚ ਆਖਦਿਆਂ ਕਿਹਾ ਕਿ ਇਸ ਵਿੱਚ ਪੰਜਾਬ ਦਾ ਦੁਖਾਂਤ ਦਿਖਾਇਆ ਗਿਆ ਹੈ ਜਿਸ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। 


ਉਨ੍ਹਾਂ ਕਿਹਾ ਕਿ ਐਸਵਾਈਐਲ ਨਹਿਰ ਨੂੰ ਪੰਜਾਬ ਵਿੱਚ ਪੂਰਨ ਦਾ ਸਭ ਤੋਂ ਪਹਿਲਾਂ ਸੱਦਾ ਹੀ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤਾ ਗਿਆ ਸੀ ਅਤੇ ਅੱਜ ਉਨ੍ਹਾਂ ਦੀ ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਦੌਰਾਨ ਇਸ ਗੀਤ ’ਤੇ ਲਾਈ ਗਈ ਪਾਬੰਦੀ ਦਾ ਪਾਰਟੀ ਵੱਲੋਂ ਵਿਰੋਧ ਕੀਤਾ ਜਾਂਦਾ ਹੈ।