ਮੋਗਾ: ਇੱਥੋਂ ਦੇ ਗੁਰੂ ਨਾਨਕ ਕਾਲਜ ਮੋਗਾ ਵਿੱਚ ਪੇਪਰਾਂ 'ਚ ਪਰਚੀ ਨੂੰ ਲੈ ਕੇ ਹੋਏ ਆਪਸੀ ਝਗੜੇ 'ਚ ਨੌਜਵਾਨ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਖ਼ਬਰ ਹੈ।   ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਅੰਗਰੇਜ਼ੀ ਦਾ ਇਮਤਿਹਾਨ ਸੀ। ਇਸ ਦੌਰਾਨ ਪਰਚੀ ਨੂੰ ਲੈ ਕੇ ਹੋਏ ਝਗੜੇ ਨੂੰ ਵਿੱਚ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਹਰਜੀਤ ਦਾ ਗੁਰਪ੍ਰੀਤ ਸਿੰਘ ਗੋਰਾ ਨਾਲ ਝਗੜਾ ਹੋ ਗਿਆ। ਪ੍ਰੀਖਿਆ ਤੋਂ ਬਾਅਦ ਗੁਰਪ੍ਰੀਤ ਨੇ ਬਾਹਰ ਤੋਂ ਆਪਣੇ ਸਾਥੀਆਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਮਿਲ ਕੇ ਹਰਜੀਤ ਦੇ ਗੋਲੀ ਮਾਰ ਦਿੱਤੀ। ਪੇਟ 'ਚ ਗੋਲੀ ਲੱਗਣ ਕਾਰਨ ਹਰਜੀਤ ਦੀ ਹਾਲਤ ਗੰਭੀਰ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਉਸ ਦੇ ਦੋ ਸਾਥੀ ਰੰਮੀ ਤੇ ਜਿੰਮੀ ਮੌਕੇ ਤੋਂ ਫਰਾਰ ਹੋ ਗਏ। ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਪ੍ਰੀਖਿਆ ਕੇਂਦਰ 'ਚ ਕਿਸੇ ਤਰ੍ਹਾਂ ਦੀ ਨਕਲ ਨਹੀਂ ਚੱਲ ਰਹੀ ਸੀ। ਵਿਦਿਆਰਥੀਆਂ ਦਾ ਆਪਸੀ ਕਿਸੇ ਗੱਲ 'ਤੇ ਝਗੜਾ ਹੋਇਆ ਜਿਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।