ਚੰਡੀਗੜ੍ਹ: ਬੀਜੇਪੀ ਨੇ ਇੱਕ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ। ਬੀਜੇਪੀ ਦੇ ਸੀਨੀਅਰ ਲੀਡਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਕਿਸੇ ਵੀ ਕੀਮਤ 'ਤੇ ਨਹੀਂ ਖੁੱਲ੍ਹਣਾ ਚਾਹੀਦਾ। ਇਸ ਮਗਰੋਂ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਬੀਜੇਪੀ ਲੀਡਰ ਦੇ ਸਟੈਂਡ ਦਾ ਵਿਰੋਧ ਕਰ ਰਹੀਆਂ ਹਨ। ਅਜਿਹੇ ਵਿੱਚ ਅਕਾਲੀ ਲੀਡਰ ਕਸੂਤੇ ਘਿਰ ਗਏ ਹਨ। ਹੁਣ ਉਹ ਵੀ ਦੱਬੀ ਜ਼ੁਬਾਨ ਵਿੱਚ ਸਵਾਮੀ ਦੇ ਬਿਆਨ ਦੀ ਅਲੋਚਨਾ ਕਰਨ ਲੱਗੇ ਹਨ।


ਉਧਰ, ਸਵਾਮੀ ਵੱਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕਣ ਦੀ ਵਕਾਲਤ ਦਾ ਸਿੱਖ ਜਥੇਬੰਦੀਆਂ, ਅਕਾਲ ਤਖ਼ਤ, ਦਮਦਮੀ ਟਕਸਾਲ, ਸੰਤ ਸਮਾਜ, ਪੰਥਕ ਤਾਲਮੇਲ ਸੰਗਠਨ ਤੇ ਦਲ ਖ਼ਾਲਸਾ ਆਦਿ ਸਿੱਖ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਹੈ। ਸਿੱਖ ਜਥੇਬੰਦੀਆਂ ਹੈਰਾਨ ਹਨ ਕਿ ਪਾਕਿਸਤਾਨ ਅਜੇ ਵੀ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ ਪਰ ਸੱਤਾਧਿਰ ਬੀਜੇਪੀ ਦੇ ਲੀਡਰ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ।

ਯਾਦ ਰਹੇ ਸ਼੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਕਰਤਾਰਪੁਰ (ਪਾਕਿਸਤਾਨ) ਲਾਂਘਾ ਤਿਆਰ ਕਰਨ ਦਾ ਕੰਮ ਦੋਵਾਂ ਦੇਸ਼ਾਂ ’ਚ ਚੱਲ ਰਿਹਾ ਹੈ। ਪੁਲਵਾਮਾ ਹਮਲੇ ਤੇ ਕਸ਼ਮੀਰ ਵਿੱਚ ਧਾਰਾ-370 ਖ਼ਤਮ ਕੀਤੇ ਜਾਣ ਦੌਰਾਨ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ, ਵਪਾਰ, ਹਵਾਈ ਲਾਂਘਾ ਆਦਿ ਬੰਦ ਹੋ ਚੁੱਕਾ ਹੈ। ਕੂਟਨੀਤਕ ਰਿਸ਼ਤੇ ਵੀ ਟੁੱਟ ਰਹੇ ਹਨ। ਸਥਿਤੀ ਵਿੱਚ ਵੀ ਸਿਰਫ਼ ਗੁਰਦੁਆਰਾ ਕਰਤਾਰਪੁਰ ਲਾਂਘੇ ਦਾ ਕੰਮ ਹੀ ਅਜਿਹਾ ਕਾਰਜ ਹੈ, ਜੋ ਦੋਵਾਂ ਦੇਸ਼ਾਂ ਵੱਲੋਂ ਨਿਰੰਤਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਨੇ ਸਪਸ਼ਟ ਕੀਤਾ ਹੈ ਕਿ ਮਿਥੇ ਸਮੇਂ 'ਤੇ ਕੌਰੀਡੋਰ ਖੋਲ੍ਹਿਆ ਜਾਏਗਾ।

ਉਧਰ, ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਜਪਾ ਆਗੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਇਹ ਮਾਮਲਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸਿੱਖ ਕੌਮ ਲੰਮੇ ਸਮੇਂ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਮੰਗ ਕਰ ਰਹੀ ਹੈ, ਹੁਣ ਜਦੋਂ ਇਹ ਮੌਕਾ ਆਇਆ ਹੈ ਤਾਂ ਅਜਿਹੀ ਬਿਆਨਬਾਜ਼ੀ ਉਚਿਤ ਨਹੀਂ।

ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਬੇਲੋੜੀ ਬਿਆਨਬਾਜ਼ੀ ਨਾਲ ਸਿੱਖਾਂ ਦੀ ਸਾਖ਼ ਨੂੰ ਢਾਹ ਲਾਉਣ ਦਾ ਯਤਨ ਨਾ ਕੀਤਾ ਜਾਵੇ। ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਕਿ ਸੁਬਰਾਮਨੀਅਮ ਸਵਾਮੀ ਦਾ ਬਿਆਨ ਗ਼ੈਰ-ਜ਼ਿੰਮੇਵਾਰਨਾ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਰੋਕਣ ਦਾ ਬਿਆਨ ਤੇ ਗੁਆਂਢੀ ਮੁਲਕ ਪ੍ਰਤੀ ਨਫ਼ਰਤ ਵਾਲੀ ਭਾਸ਼ਾ ਬੇਲੋੜਾ ਤੇ ਅਣਉਚਿਤ ਬਿਆਨ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਰੋਕਣ ਦੀ ਵਕਾਲਤ ਨਾਲ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਇਸ ਮੌਕੇ ਲਾਂਘੇ ਬਾਰੇ ਅਜਿਹੇ ਵਿਵਾਦਤ ਬਿਆਨ ਜਾਰੀ ਕਰਨਾ ਉੱਚਿਤ ਨਹੀਂ, ਸਗੋਂ ਭਾਜਪਾ ਆਗੂ ਨੂੰ ਲਾਂਘੇ ਦਾ ਕੰਮ ਪੂਰਾ ਕਰਾਉਣ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨਾ ਚਾਹੀਦਾ ਹੈ।