ਫੁਕੇਟ: ਯੂਕੇ ਦੇ ਸਾਊਥਾਲ ਇਲਾਕੇ ’ਚ ਵੱਸਦੇ ਪੰਜਾਬੀ ਨੌਜਵਾਨ ਅਮਿਤਪਾਲ ਸਿੰਘ ਬਜਾਜ ਤੇ ਉਸ ਦੇ ਪਰਿਵਾਰ 'ਤੇ ਥਾਈਲੈਂਡ ਦੇ ਇੱਕ ਹੋਟਲ ਵਿੱਚ ਨਾਰਵੇ ਦੇ ਰਹਿਣ ਵਾਲੇ ਮਾਰਸ਼ਲ ਆਰਟ ਕੋਚ ਵੱਲੋਂ ਕਾਤਲਾਨਾ ਹਮਲਾ ਹੋਇਆ, ਜਿਸ ਵਿੱਚ ਉਸ ਦੀ ਮੌਤ ਹੋ ਗਈ। 34 ਸਾਲਾ ਅਮਿਤਪਾਲ ਸਿੰਘ ਨੇ ਰੌਜਰ ਬੁੱਲਮੈਨ ਨੂੰ ਰੌਲਾ ਪਾਉਣ ਲਈ ਆਖਿਆ ਸੀ, ਜਿਸ ਤੋਂ ਔਖਾ ਹੋ ਕੇ ਉਸ ਨੇ ਉਨ੍ਹਾਂ ਦੇ ਕਮਰੇ ਵਿੱਚ ਜ਼ਬਰੀ ਦਾਖ਼ਲ ਹੋ ਕੇ ਅਮਿਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਉਸ ਦੇ ਖੱਬੇ ਮੋਢੇ 'ਤੇ ਸੱਟ ਵੱਜੀ ਹੈ।



ਅਮਿਤਪਾਲ ਸਿੰਘ ਦੀ ਪਤਨੀ ਬੰਦਨਾ ਬਜਾਜ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਉਹ ਫੁਕੇਟ ਦੇ ਹੋਟਲ ਵਿੱਚ ਰੁਕੇ ਸਨ ਅਤੇ ਨਾਲ ਦੇ ਕਮਰੇ ਵਿੱਚ ਠਹਿਰੇ ਕੁਝ ਨੌਜਵਾਨ ਅੱਧੀ ਰਾਤ ਸਮੇਂ ਬਹੁਤ ਰੌਲ਼ਾ ਪਾ ਰਹੇ ਸੀ। ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਅਮਿਤ ਨੇ ਨਾਲ ਦੇ ਕਮਰੇ ਵਿੱਚ ਰੁਕੇ ਨੌਜਵਾਨਾਂ ਦਾ ਬੂਹਾ ਖੜਕਾ ਸ਼ੋਰ ਨਾ ਪਾਓਣ ਲਈ ਕਿਹਾ। ਮ੍ਰਿਤਕ ਦੀ ਪਤਨੀ ਮੁਤਾਬਕ ਕੁਝ ਸਮੇਂ ਬਾਅਦ ਬਾਲਕੋਨੀ ਰਾਹੀਂ ਇੱਕ ਪੂਰਾ ਨਗਨ ਵਿਅਕਤੀ ਉਨ੍ਹਾਂ ਦੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋਇਆ ਅਤੇ ਉਨ੍ਹਾਂ ਵੱਲ ਬੜੇ ਗੁੱਸੇ ਨਾਲ ਵੱਧ ਰਿਹਾ ਸੀ।



ਉਨ੍ਹਾਂ ਦੱਸਿਆ, "ਮੇਰੇ ਪਤੀ ਸਾਡੇ ਤੇ ਹਮਲਾਵਰ ਦਰਮਿਆਨ ਆ ਗਏ ਅਤੇ ਮੈਨੂੰ ਆਖ ਦਿੱਤਾ ਸੀ ਕਿ ਮੈਂ ਆਪਣੇ ਦੋ ਸਾਲਾ ਪੁੱਤਰ ਵੀਰ ਸਿੰਘ ਨੂੰ ਲੈ ਕੇ ਇੱਥੋਂ ਤੁਰੰਤ ਚਲੀ ਜਾਵਾਂ। ਮੈਂ ਤਦ ਤੁਰੰਤ ਬੱਚਾ ਲੈ ਕੇ ਹੋਟਲ ਦੇ ਕਮਰੇ ’ਚੋਂ ਬਾਹਰ ਆ ਗਈ।" ਇਸ ਦੌਰਾਨ ਹਮਲਾਵਰ ਉਨ੍ਹਾਂ ਦੇ ਪਤੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਸੀ। ਬੰਦਨਾ ਨੇ ਇੱਕ ਰੁੱਖ ਪਿੱਛੇ ਲੁਕ ਕੇ ਜਾਨ ਬਚਾਈ ਅਤੇ ਮੋਬਾਇਲ ਰਾਹੀਂ ਉਨ੍ਹਾਂ ਹੋਟਲ ਦੀ ਰਿਸੈਪਸ਼ਨ 'ਤੇ ਕਾਲ ਕਰ ਸਭ ਕੁਝ ਦੱਸਿਆ ਤੇ ਮਦਦ ਬੁਲਾਈ। ਪਰ ਜਦ ਤਕ ਪੁਲਿਸ ਤੇ ਐਂਬੂਲੈਂਸ ਆਈ ਅਮਿਤਪਾਲ ਸਿੰਘ ਬਜਾਜ ਦੀ ਮੌਤ ਹੋ ਚੁੱਕੀ ਸੀ।