ਬ੍ਰਜ਼ੀਲੀਆ: ਬ੍ਰਾਜ਼ੀਲ ਵਿੱਚ 55 ਲੱਖ ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲੇ ਅਮੇਜ਼ਨ ਦੇ ਜੰਗਲ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਸੜ ਰਹੇ ਹਨ। ਇਹ ਜੰਗਲ ਪੂਰੀ ਦੁਨੀਆ ਨੂੰ 20% ਆਕਸੀਜਨ ਦਿੰਦੇ ਹਨ। ਇਸ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪਰ ਹਾਲੇ ਵੀ ਇੱਥੇ ਲੱਗੀ ਅੱਗ ਬੇਕਾਬੂ ਹੈ।


ਅੱਗ ਇੰਨੀ ਭਿਆਨਕ ਹੈ ਕਿ ਇਸ ਦੇ ਸਿੱਟੇ ਵਜੋਂ ਬ੍ਰਾਜ਼ੀਲ ਦੇ ਸ਼ਹਿਰ ਅਮੇਜ਼ਨ, ਰੋਡਾਂਨਿਆ ਤੇ ਸਾਓ ਪਾਓਲਾ ਵਿੱਚ ਧੂੰਏਂ ਕਾਰਨ ਦਿਨੇ ਹੀ ਹਨੇਰਾ ਛਾ ਗਿਆ ਹੈ। ਇੰਨਾ ਹੀ ਨਹੀਂ ਇਹ ਅੱਗ ਪੁਲਾੜ ਵਿੱਚੋਂ ਵੀ ਦੇਖੀ ਜਾ ਸਕਦੀ ਹੈ। ਜੰਗਲਾਂ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟਵਿੱਟਰ 'ਤੇ #PrayforAmazonas ਤੇ #AmazonFires ਨਾਂਅ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਗਾਂ ਕਾਰਨ ਬ੍ਰਾਜ਼ੀਲ ਦਾ 2700 ਕਿਲੋਮੀਟਰ ਖੇਤਰ ਪ੍ਰਭਾਵਿਤ ਹੋਇਆ ਹੈ। ਜਦੋਂ ਦੁਨੀਆ ਆਲਮੀ ਤਪਸ਼ (ਗਲੋਬਲ ਵਾਰਮਿੰਗ) ਬਾਰੇ ਗੰਭੀਰ ਬਹਿਸ ਚੱਲ ਰਹੀ ਹੈ। ਅਜਿਹੇ ਵਿੱਚ ਅੱਗ ਦੇ ਭਿਆਨਕ ਮੰਜ਼ਰ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ।


ਅਮੇਜ਼ਨ ਦੇ ਇਹ ਜੰਗਲ ਕੁਦਰਤੀ ਖ਼ਜ਼ਨਾ ਤੇ ਵੱਖ-ਵੱਖ ਪੌਦਿਆਂ ਤੇ ਜੜੀਆਂ ਬੂਟੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਤਕਰੀਬਨ 500 ਤੋਂ ਵੱਧ ਆਦੀਵਾਸੀ ਜਾਤੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਵਿੱਚੋਂ 250 ਤੋਂ ਵੱਧ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਹੀ ਨਹੀਂ।