ਸੁੱਚਾ ਸਿੰਘ ਲੰਗਾਹ ਵੱਲੋਂ ਚੰਡੀਗੜ੍ਹ ਅਦਾਲਤ 'ਚ ਸਮਰਪਣ
ਏਬੀਪੀ ਸਾਂਝਾ | 02 Oct 2017 03:01 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕੀਤਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ 'ਤੇ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੀ ਇੱਕ ਔਰਤ ਵੱਲੋਂ 8 ਸਾਲ ਤੋਂ ਬਲਾਤਕਾਰ ਕਰਦੇ ਆ ਰਹਿਣ ਦਾ ਇਲਜ਼ਾਮ ਲਾ ਕੇ ਮਾਮਲਾ ਦਰਜ ਕਰਵਾਇਆ ਸੀ। ਪੀੜਤ ਔਰਤ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਉਹੀ ਵੀਡੀਓ ਹੋਣ ਦਾ ਦਾਅਵਾ ਕਰ ਕੇ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤਾ ਮੁਤਾਬਕ ਨੌਕਰੀ ਦੀ ਜ਼ਰੂਰਤ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਸ਼ਿਕਾਇਤ ਵਿੱਚ ਸੁੱਚਾ ਸਿੰਘ ਲੰਗਾਹ 'ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਸਨ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਵੀ ਲਾਏ ਸਨ।