Sudhir Suri Murder : ਸ਼ਿਵ ਸੈਨਾ ਆਗੂ ( Shiv Sena Leader ) ਸੁਧੀਰ ਸੂਰੀ (Sudhir Suri ) ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਭਰ ਵਿੱਚ ਸ਼ਿਵ ਸੈਨਾ ਦੇ ਆਗੂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਹਿੰਦੂ ਜਥੇਬੰਦੀਆਂ ਨੇ ਇਸ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ।
ਇਸ ਦੌਰਾਨ ਬਠਿੰਡਾ 'ਚ ਅੱਜ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ, ਸਤਿੰਦਰ ਕੁਮਾਰ, ਬਲਰਾਮ ਸ਼ਰਮਾ, ਅੰਕੁਰ ਗਰਗ ਅੰਮ੍ਰਿਤਸਰ ਵੱਲ ਮਾਰਚ ਕਰ ਰਹੇ ਸਨ ਪਰ ਬਠਿੰਡਾ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਅੱਜ ਅੰਮ੍ਰਿਤਸਰ ਵੱਲ ਜਾ ਰਹੇ ਸਨ। ਜਿਸ ਨੂੰ ਪੁਲਿਸ ਨੇ ਭਾਰੀ ਫੋਰਸ ਨਾਲ ਘੇਰ ਲਿਆ ਅਤੇ ਸਾਰੇ ਵਰਕਰਾਂ ਨੂੰ ਥਰਮਲ ਥਾਣੇ ਲੈ ਗਏ ਤਾਂ ਜੋ ਮਾਹੌਲ ਖਰਾਬ ਨਾ ਹੋਵੇ।
ਓਧਰ ਇਸ ਮਾਮਲੇ 'ਚ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਉਸ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਹਿੰਦੂ ਜਥੇਬੰਦੀਆਂ ਨੇ ਇਸ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਦੂਜੇ ਪਾਸੇ ਸੁਧੀਰ ਸੂਰੀ ਦੇ ਪੋਸਟਮਾਰਟਮ ਬਾਰੇ ਇਹ ਖੁਲਾਸਾ ਹੋਇਆ ਹੈ ਕਿ ਉਸ ਨੂੰ ਚਾਰ ਗੋਲੀਆਂ ਲੱਗੀਆਂ ਹਨ। ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ,ਉਦੋਂ ਤੱਕ ਉਹ ਅੰਤਿਮ ਸਸਕਾਰ ਨਹੀਂ ਕਰਨਗੇ।
ਦੱਸ ਦੇਈਏ ਕਿ ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪ੍ਰਦਰਸ਼ਨ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲ਼ੀਆਂ ਲੱਗਣ ਨਾਲ ਸੁਧੀਰ ਸੂਰੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮਜੀਠੀ ਰੋਡ ਉੱਪਰ ਇਹ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂਆਂ ਨਾਲ ਧਾਰਮਿਕ ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ, ਜਿੱਥੇ ਝਗੜਾ ਹੋ ਗਿਆ। ਇਸ ਦੌਰਾਨ ਇਕ ਅਣਪਛਾਤੇ ਹਮਲਾਵਰ ਨੇ ਸੁਧੀਰ ਸੂਰੀ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੁਧੀਰ ਸੁਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।