ਚੰਡੀਗੜ੍ਹ: ਗੰਨਾ ਕਿਸਾਨਾਂ ਵੱਲੋਂ ਅੱਜ ਵੀ ਧਰਨਾ ਜਾਰੀ ਹੈ। ਕੱਲ੍ਹ ਕਿਸਾਨਾਂ ਨੇ ਆਪਣੇ ਬਕਾਏ ਨੂੰ ਲੈ ਕੇ ਜਲੰਧਰ-ਲੁਧਿਆਣਾ ਹਾਈਵੇ ਨੂੰ ਫਗਵਾੜਾ ਸ਼ੂਗਰ ਮਿਲ ਚੌਕ ਤੋਂ ਬੰਦ ਕਰ ਦਿੱਤਾ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਲਿਆ।


ਗੰਨਾ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਤੋਂ ਬਾਅਦ ਫਗਵਾੜਾ ਪੁਲਿਸ ਨੇ ਟਰੈਫਿਕ ਨੂੰ ਡਾਇਵਰਟ ਕਰ ਕੇ ਰੂਟ ਪਲਾਨ ਜਾਰੀ ਕਰ ਦਿੱਤਾ। ਪਲਾਨ ਅਨੁਸਾਰ ਲੁਧਿਆਣਾ-ਦਿੱਲੀ ਜਾਣ ਵਾਲੇ ਹੈਵੀ ਵ੍ਹੀਕਲਜ਼ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਡਾਇਵਰਟ ਕੀਤਾ ਗਿਆ, ਉਥੇ ਹੀ ਲੁਧਿਆਣਾ-ਦਿੱਲੀ ਜਾਣ ਵਾਲੇ ਲਾਈਟ ਵਾਹਨਾਂ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਅਤੇ ਬਸਰਾ ਪੈਲੇਸ ਤੋਂ ਖੋਥੜਾਂ ਰੋਡ ਟੂ ਅਰਬਨ ਅਸਟੇਟ ਵੱਲ ਡਾਇਵਰਟ ਕੀਤਾ ਗਿਆ ਹੈ। 


ਕਿਸਾਨਾਂ ਦੇ ਸੰਘਰਸ਼ ਦੀ ਅਗਲੀ ਰੂਪ ਰੇਖਾ
ਕਿਸਾਨ ਆਗੂ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ, "ਫਿਲਹਾਲ ਅਸੀਂ ਸੜਕ ਦਾ ਇੱਕ ਪਾਸਿਆ ਰੋਕਿਆ ਹੈ। ਕਿਸਾਨ ਆਉਣ ਵਾਲੇ ਸਮੇਂ ਵਿੱਚ ਦੂਜਾ ਪਾਸਾ ਵੀ ਰੋਕਣਗੇ। ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਹ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਜੇਕਰ ਸਰਕਾਰ ਅਜਿਹਾ ਕਰਨ ਵਿੱਚ ਅਸਫ਼ਲ ਹੁੰਦੀ ਹੈ ਤਾਂ ਪੂਰੇ ਪੰਜਾਬ ਵਿੱਚ ਧਰਨੇ ਦਿੱਤੇ ਜਾਣਗੇ ਅਤੇ ਰੇਲ ਮਾਰਗ ਵੀ ਰੋਕੇ ਜਾਣਗੇ।"


ਇੱਕ ਹੋਰ ਕਿਸਾਨ ਆਗੂ ਦਾ ਕਹਿਣਾ ਸੀ ਕਿ ਇਸ ਧਰਨੇ ਵਿੱਚ 31 ਕਿਸਾਨ ਜੱਥੇਬੰਦੀਆਂ ਦੇ ਲੋਕ ਵੀ ਆਉਣ ਵਾਲੇ ਸਮੇਂ ਵਿੱਚ ਸ਼ਾਮਿਲ ਹੋਣਗੇ।


ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸ਼ੂਗਰਫੈੱਡ ਵੱਲੋਂ ਗੰਨਾ ਕਿਸਾਨਾਂ ਦੇ 195.60 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ ਅਤੇ ਇਸ ਵਿੱਚੋਂ 100 ਕਰੋੜ ਰੁਪਏ ਇਸ ਸਾਲ 15 ਅਗਸਤ ਤੱਕ ਜਦਕਿ ਬਾਕੀ 95.60 ਕਰੋੜ ਰੁਪਏ ਆਉਂਦੇ 7 ਸਤੰਬਰ ਤੱਕ ਅਦਾ ਕਰ ਦਿੱਤੇ ਜਾਣਗੇ।


ਭਗਵੰਤ ਮਾਨ ਨੇ ਕਿਹਾ ਸੀ ਕਿ ਫਗਵਾੜਾ ਸ਼ੂਗਰ ਮਿੱਲ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਬਕਾਏ 7 ਸਤੰਬਰ ਤੱਕ ਅਦਾ ਕਰ ਦੇਣਗੇ।