ਮੋਗਾ: ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਇੱਛਾ ਜਾਨ ਲੈਣ ’ਤੇ ਉਤਾਰੂ ਹੋ ਗਈ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਵਿੱਚ ਵਿਦਿਆਰਥਣ ਨੇ ਕੈਨੇਡਾ ਪੜ੍ਹਨ ਜਾਣ ਲਈ ਦਿੱਤੀ IELTS ਪ੍ਰੀਖਿਆ ਵਿੱਚੋਂ ਘੱਟ ਬੈਂਡ ਆਉਣ ਕਰਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਹੋਰ ਦੁਖਦਾਈ ਹੋ ਗਈ ਜਦੋਂ ਧੀ ਦੇ ਨਾਲ-ਨਾਲ ਮਾਂ ਨੇ ਵੀ ਜ਼ਹਿਰੀਲੀ ਦਵਾਈ ਖਾ ਲਈ। ਘਟਨਾ ਵਿੱਚ ਕੁੜੀ ਦੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਹ ਜਗਰਾਓਂ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ 18 ਸਾਲਾ ਧੀ ਹਰਮਨ ਨੇ ਬਾਰ੍ਹਵੀਂ ਤੋਂ ਬਾਅਦ IELTS ਦਾ ਟੈਸਟ ਦਿੱਤਾ ਸੀ ਪਰ 4.5 ਬੈਂਡ ਆਉਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਈ ਸੀ। ਇਸੇ ਪ੍ਰੇਸ਼ਾਨੀ ਕਾਰਨ ਹੀ ਉਸਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਤੇ ਉਸਦੀ ਮਾਂ ਨੇ ਵੀ ਇਸੇ ਪ੍ਰੇਸ਼ਾਨੀ ਕਾਰਨ ਜ਼ਹਿਰੀਲੀ ਦਵਾਈ ਖਾ ਲਈ। ਜਿਸ ਦਾ ਉਨ੍ਹਾਂ ਨੂੰ ਅੱਜ ਸਵੇਰੇ ਪਤਾ ਲੱਗਾ।

ਉਨ੍ਹਾਂ ਦੱਸਿਆ ਕਿ ਯਤਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਧੀ ਨੂੰ ਬਚਾਇਆ ਨਹੀਂ ਜਾ ਸਕਿਆ ਜਦਕਿ  ਪਤਨੀ ਨੂੰ ਜਗਰਾਓਂ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੜਕੀ ਦਾ ਪਿਤਾ ਪਾਠੀ ਹੈ ਤੇ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਰੌਲ ਲਾਉਣ ਗਏ ਹੋਏ ਸਨ।

ਥਾਣਾ ਅਜੀਤਵਾਲ ਦੀ ਮੁੱਖ ਅਫਸਰ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਪੁਲਿਸ ਮੌਕੇ ’ਤੇ ਪੁੱਜ ਗਈ। ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।