ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਡੇਰਾ ਸਿਰਸਾ ਦੀ ਪੈਰੋਕਾਰ ਵੀਰਪਾਲ ਕੌਰ ਖ਼ਿਲਾਫ਼ ਚੰਡੀਗੜ੍ਹ ਦੀ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ। ਵੀਰਪਾਲ ਨੇ ਸੁਖਬੀਰ ਬਾਦਲ ਖਿਲਾਫ ਗੰਭੀਰ ਇਲਜ਼ਾਮ ਲਾਏ ਸੀ।


ਡੇਰਾ ਪੈਰੋਕਾਰ ਵੀਰਪਾਲ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਸੁਖਬੀਰ ਬਾਦਲ ਨੇ ਪਹਿਲਾਂ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਹੁਣ ਚੰਡੀਗੜ੍ਹ ਦੀ ਐਸਐਸਪੀ ਨੂੰ ਵੀਰਪਾਲ ਕੌਰ ਖਿਲਾਫ ਧਾਰਾ 295-A ਲਾਉਣ ਦੀ ਅਪੀਲ ਕੀਤੀ ਹੈ। ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਸਿਆਸੀ ਲੜਾਈ ਲੜਨੀ ਹੈ ਤਾਂ ਮਰਦਾਂ ਵਾਂਗ ਲੜੋ। ਇਸ ਤਰ੍ਹਾਂ ਇਲਜ਼ਾਮਬਾਜ਼ੀ ਨਾ ਕਰੋ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਸਿਆਸੀ ਪਾਰਟੀਆਂ ਦੀ ਹੋਂਦ ਖਤਮ ਹੋਣ ਜਾ ਰਹੀ ਹੈ। ਇਸ ਲਈ ਬਿਨਾਂ ਵਜ੍ਹਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਨੇ ਪੋਸ਼ਾਕ ਵਾਲਾ ਇਲਜ਼ਾਮ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੇ ਹਵਾਲੇ ਤੋਂ ਕਹਿ ਕੇ ਲਾਇਆ ਸੀ ਜਦਕਿ ਸ਼ਸ਼ੀਕਾਂਤ ਨੇ ਵੀਰਪਾਲ ਕੌਰ ਦੇ ਇਸ ਬਿਆਨ ਨੂੰ ਉਸੇ ਸਮੇਂ ਹੀ ਖਾਰਜ ਕਰ ਦਿੱਤਾ ਸੀ।