ਚੰਡੀਗੜ੍ਹ: ਸਾਲ 2015 ਵਿੱਚ ਵਾਪਰੀਆਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਪੂਰੀ ਕਰ ਲਈ ਹੈ। ਸੁਖਬੀਰ ਬਾਦਲ ਤੋਂ ਐਸਆਈਟੀ ਦੇ ਪੰਜੇ ਮੈਂਬਰਾਂ ਨੇ ਸਵਾਲ ਕੀਤੇ ਪਰ ਉਨ੍ਹਾਂ ਇੱਕੋ 'ਵਾਕ' ਨਾਲ ਜ਼ਿਆਦਾਤਰ ਸਵਾਲਾਂ ਦੇ ਜਵਾਬ ਦਿੱਤੇ। ਸੁਖਬੀਰ ਨੂੰ ਐਸਆਈਟੀ ਨੇ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਮਾਮਲੇ ਵਿੱਚ ਤਲਬ ਕੀਤਾ ਸੀ। ਹੁਣ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ, ਐਸਆਈਟੀ ਨੇ ਉਸ ਨੂੰ 21 ਨਵੰਬਰ ਨੂੰ ਤਲਬ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਰਾਜਾਸਾਂਸੀ ਹਮਲੇ ਲਈ ਖਾਲਿਸਤਾਨੀਆਂ ਨੂੰ ਦੱਸਿਆ ਜ਼ਿੰਮੇਵਾਰ

ਬਾਦਲ ਮੁਤਾਬਕ ਉਨ੍ਹਾਂ ਤੋਂ ਸਿਰਫ਼ 4-5 ਸਵਾਲ ਹੀ ਪੁੱਛੇ ਗਏ, ਜਦਕਿ ਉਹ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਟਰ ਵਿੱਚ ਤਕਰੀਬਨ ਘੰਟਾ ਮੌਜੂਦ ਰਹੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਅੱਠ ਤੋਂ ਲੈ ਕੇ 14 ਅਕਤੂਬਰ 2015 ਦੌਰਾਨ ਉਹ ਪੰਜਾਬ ਵਿੱਚ ਮੌਜੂਦ ਨਹੀਂ ਸਨ ਤੇ ਉਨ੍ਹਾਂ ਮੁੱਖ ਮੰਤਰੀ ਦੀ ਆਗਿਆ ਨਾਲ ਹੀ ਪੰਜਾਬ ਤੋਂ ਬਾਹਰ ਗਏ ਸਨ।

ਸੁਖਬੀਰ ਬਾਦਲ ਨੇ ਦੱਸਿਆ ਕਿ ਐਸਆਈਟੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਮੁੰਬਈ ਵਿੱਚ ਅਕਸ਼ੈ ਕੁਮਾਰ ਨੂੰ ਮਿਲੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਪੰਜਾਬ ਤੋਂ ਬਾਹਰ ਅਕਸ਼ੈ ਕੁਮਾਰ ਨੂੰ ਕਿਤੇ ਵੀ ਨਹੀਂ ਮਿਲੇ। ਬਾਦਲ ਨੇ ਦੋਸ਼ ਲਾਇਆ ਕਿ ਐਸਆਈਟੀ ਸਿਆਸਤ ਤੋਂ ਪ੍ਰੇਰਿਤ ਹੈ।

ਉਨ੍ਹਾਂ ਇਸ ਤੱਥ ਨੂੰ ਸਾਬਤ ਕਰਦਿਆਂ ਕਿਹਾ ਕਿ ਜਦ ਐਸਆਈਟੀ ਤੋਂ ਉਨ੍ਹਾਂ ਉਸ ਐਫਆਈਆਰ ਦੀ ਕਾਪੀ ਮੰਗੀ ਜਿਸ ਤਹਿਤ ਉਨ੍ਹਾਂ ਨੂੰ ਸੱਦਿਆ ਗਿਆ ਹੈ ਤਾਂ ਉਨ੍ਹਾਂ ਕੋਲ ਐਫਆਈਆਰ ਹੀ ਨਹੀਂ ਸੀ। ਬਾਦਲ ਨੇ ਅੱਗੇ ਕਿਹਾ ਕਿ ਇਹ ਕੇਸ ਅਗਸਤ ਵਿੱਚ ਦਰਜ ਕੀਤਾ ਗਿਆ ਸੀ ਤੇ ਸ਼ਿਕਾਇਤਕਰਤਾ ਨੂੰ ਕੋਟਕਪੂਰਾ ਪੁਲਿਸ ਥਾਣੇ ਵਿੱਚ ਫ਼ੋਨ 'ਤੇ ਹੀ ਤਲਬ ਕਰ ਲਿਆ ਗਿਆ ਸੀ।

ਸਬੰਧਤ ਖ਼ਬਰ: ਬਾਦਲ ਨੇ ਮੋਦੀ ਸਰਕਾਰ ਕੋਲ ਕੀਤੀ ਕੈਪਟਨ ਦੀ ਸ਼ਿਕਾਇਤ

ਸੁਖਬੀਰ ਬਾਦਲ ਨੇ ਕਿਹਾ ਕਿ ਐਸਆਈਟੀ ਕਾਂਗਰਸ ਦੇ ਹੱਥਾਂ ਦੀ ਕਠਪੁਤਲੀ ਹੈ ਤੇ ਇਸ ਦੀ ਰਿਪੋਰਟ ਕੈਪਟਨ ਤੇ ਸੁਨੀਲ ਜਾਖੜ ਵੱਲੋਂ ਤਿਆਰ ਕੀਤੀ ਜਾਵੇਗੀ। ਬਾਦਲ ਨੇ ਅੰਮ੍ਰਿਤਸਰ ਧਮਾਕੇ ਕਾਰਨ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਅਗਵਾਈ ਕਰਨ ਤੋਂ ਅਸਮਰੱਥ ਹਨ।