ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੋਮਪ੍ਰਕਾਸ਼ ਨੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਵੀ ਆਪਣੀਆਂ ਵਿਧਾਇਕਾਂ ਵਾਲੀਆਂ ਸਹੂਲਤਾਂ ਨਹੀਂ ਛੱਡੀਆਂ। ਦੋਵੇਂ ਜਣੇ ਸਰਕਾਰ ਦੇ ਰਿਕਾਰਡ ਵਿੱਚ ਡਿਫਾਲਟਰ ਬਣ ਗਏ ਹਨ ਕਿਉਂਕਿ ਦੋਵਾਂ ਨੇ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ। ਹਾਲਾਂਕਿ, ਬਾਦਲ ਨੇ ਨਵਜੋਤ ਸਿੱਧੂ 'ਤੇ ਸਰਕਾਰੀ ਸਹੂਲਤਾਂ ਦਾ ਲਾਲਚੀ ਹੋਣ ਦੇ ਵੀ ਦੋਸ਼ ਲਾਏ ਸਨ, ਪਰ ਆਪ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ। ਨਵਜੋਤ ਸਿੱਧੂ ਨੇ ਮੰਤਰੀ ਮੰਡਲ ਤੋਂ ਅਸਤੀਫੇ ਦੇ ਅਗਲੇ ਦਿਨ ਹੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਸੀ।


ਹੁਣ ਪੰਜਾਬ ਸਰਕਾਰ ਦੇ ਜਨਰਲ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਦੋਵਾਂ ਜਣਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਬਤੌਰ ਵਿਧਾਇਕ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਸੈਕਟਰ ਚਾਰ ਵਿੱਚ ਫਲੈਟ ਅਲਾਟ ਕੀਤੇ ਸਨ। ਸੁਖਬੀਰ ਬਾਦਲ ਨੂੰ ਸੈਕਟਰ ਚਾਰ ਵਿੱਚ ਫਲੈਟ ਨੰਬਰ 35 ਅਤੇ ਸੋਮ ਪ੍ਰਕਾਸ਼ ਨੂੰ ਫਲੈਟ ਨੰਬਰ ਦੋ ਅਲਾਟ ਹੋਇਆ ਹੈ।

ਇੱਥੇ ਇਹ ਤੱਥ ਰੌਚਕ ਹੈ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਾਰਟੀ ਦੇ ਕਈ ਸੀਨੀਅਰ ਨੇਤਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਨਵਾਂ ਵਿਭਾਗ ਨਾ ਸੰਭਾਲਣ 'ਤੇ ਸਰਕਾਰੀ ਸਹੂਲਤਾਂ ਤਿਆਗਣ ਦੀ ਵਾਰ-ਵਾਰ ਨਸੀਹਤ ਦਿੱਤੀ ਸੀ। ਹਾਲਾਂਕਿ, ਸਿੱਧੂ ਨੇ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇਣ ਤੋਂ ਦੋ ਦਿਨਾਂ ਦੇ ਅੰਦਰ ਹੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਸੀ। ਹੁਣ ਸੁਖਬੀਰ ਬਾਦਲ ਸ਼ਾਇਦ ਐਮਐਲਏ ਫਲੈਟ ਖਾਲੀ ਕਰਨਾ ਭੁੱਲ ਗਏ ਜਾਪਦੇ ਹਨ।

ਨਿਯਮਾਂ ਮੁਤਾਬਕ ਵਿਧਾਨ ਸਭਾ ਦੀ ਮੈਂਬਰੀ ਜਾਣ ਮਗਰੋਂ ਵਿਧਾਇਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਫਲੈਟ ਖਾਲੀ ਕਰਨਾ ਹੁੰਦਾ ਹੈ। ਇਸ ਸਮੇਂ ਦੌਰਾਨ ਸਰਕਾਰ ਇਸ ਦਾ ਕਿਰਾਇਆ ਭਰਦੀ ਹੈ ਪਰ 15 ਦਿਨਾਂ ਬਾਅਦ ਇਹ ਕਿਰਾਇਆ ਦੁੱਗਣਾ ਹੋ ਜਾਂਦਾ ਹੈ। ਜੇਕਰ ਇੱਕ ਮਹੀਨੇ ਬਾਅਦ ਵੀ ਫਲੈਟ ਖਾਲੀ ਨਹੀਂ ਕੀਤਾ ਜਾਂਦਾ ਤਾਂ ਇਹ ਸਰਕਾਰੀ ਰਿਕਾਰਡ ਵਿੱਚ ਨਾਜਾਇਜ਼ ਕਬਜ਼ਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸਬੰਧਤ ਨੇਤਾ ਨੂੰ ਬਾਜ਼ਾਰ ਮੁੱਲ ਤੇ 200 ਗੁਣਾ ਜ਼ੁਰਮਾਨੇ ਨਾਲ ਭੁਗਤਾਨ ਕਰਨਾ ਪੈਂਦਾ ਹੈ।