ਨਿਰੰਕਾਰੀ ਡੇਰਾ 'ਚ ਹਮਲੇ ਮਗਰੋਂ ਸੁਖਬੀਰ ਬਾਦਲ ਦੀ ਚੇਤਾਵਨੀ
ਏਬੀਪੀ ਸਾਂਝਾ | 18 Nov 2018 06:39 PM (IST)
ਚੰਡੀਗੜ੍ਹ: ਰਾਜਾਸਾਂਸੀ ਵਿੱਚ ਨਿਰੰਕਾਰੀ ਡੇਰਾ ਵਿੱਚ ਹੋਏ ਹਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਤਵਾਦ ਨਾਲ ਜੋੜਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਦਭਾਵਨਾ ਖਤਰੇ ਵਿੱਚ ਹੈ। ਸੁਖਬੀਰ ਨੇ ਕਿਹਾ ਪਹਿਲਾਂ ਜਲੰਧਰ ਦੇ ਮਕਸੂਦਾਂ ਵਿੱਚ ਹਮਲਾ, ਫਿਰ ਫੌਜ ਮੁਖੀ ਬਿਪਨ ਰਾਵਤ ਦੀ ਚੇਤਾਵਨੀ ਤੇ ਹੁਣ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹਮਲਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ ਤੇ ਸੂਬੇ ਨੂੰ ਮੁੜ ਕਾਲੇ ਦੌਰ ਵੱਲ ਜਾਣੋਂ ਰੋਕਣਾ ਯਕੀਨੀ ਬਣਾਉਣਾ ਚਾਹੀਦਾ ਹੈ। ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਦਾਅਵੇ ਕਰ ਰਿਹਾ ਸੀ ਕਿ ਪੰਜਾਬ ਵਿੱਚ ਅੱਤਵਾਦ ਸਿਰ ਚੁੱਕ ਰਿਹਾ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਕਿ ਕਾਂਗਰਸ ਸਰਕਾਰ ਖਾਲਿਸਤਾਨੀਆਂ ਨੂੰ ਸ਼ਹਿ ਦੇ ਰਹੀ ਹੈ। ਇਸ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ।