ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਨਿਰੰਕਾਰੀ ਭਵਨ 'ਤੇ ਕੀਤੇ ਗ੍ਰਨੇਡ ਧਮਾਕੇ ਨੂੰ ਸੂਬੇ ਦੇ ਅਮਨ ਚੈਨ ਨੂੰ ਭੰਗ ਕਰਨ ਲਈ ਕੀਤਾ ਗਿਆ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰੇਗੀ ਲਵੇਗੀ।


ਭਾਰਤੀ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਪੰਜਾਬ 'ਚ ਦਹਿਸ਼ਤੀ ਹਿੱਲਜੁਲ ਬਾਰੇ ਚੌਕਸ ਕੀਤੇ ਜਾਣ 'ਤੇ ਜਾਖੜ ਨੇ ਕਿਹਾ ਕਿ ਮਿਲਟਰੀ ਇੰਟੈਲੀਜੈਂਸ ਤੇ ਬਾਕੀ ਏਜੰਸੀਆਂ ਵੱਲੋਂ ਦਿੱਤੇ ਐਲਰਟ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਗਠਨ ਸਾਫਟ ਟਾਰਗੇਟ ਦੇਖਦੇ ਹਨ। ਇਸੇ ਲਈ ਅੰਮ੍ਰਿਤਸਰ ਛੋਟੇ ਜਿਹੇ ਪਿੰਡ ਵਿੱਚ ਜਾ ਕੇ ਇਹ ਧਮਾਕਾ ਕੀਤਾ ਗਿਆ।

ਹਾਲਾਂਕਿ ਜਾਖੜ ਨੇ ਕਿਹਾ ਪੰਜਾਬ ਦੀ ਇੰਟੈਲੀਜੈਂਸ ਨੇ ਰਿਪੋਰਟ ਦੇ ਕੇ ਆਪਣਾ ਕੰਮ ਕਰ ਦਿੱਤਾ ਸੀ, ਪਰ ਪੁਲਿਸ ਦੀ ਕਾਰਵਾਈ 'ਤੇ ਉਨ੍ਹਾਂ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ। ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮ੍ਰਿਤਕਾਂ ਲਈ ਪੰਜ-ਪੰਜ ਲੱਖ ਦਾ ਮੁਆਵਜ਼ਾ ਐਲਾਨ ਦਿੱਤਾ ਹੈ ਤੇ ਨਾਲ ਹੀ ਕਿਹਾ ਕਿ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।