ਨਿਰੰਕਾਰੀ ਡੇਰਾ 'ਤੇ ਹਮਲੇ ਮਗਰੋਂ ਹਰਿਆਣਾ ਤੇ ਦਿੱਲੀ 'ਚ ਅਲਰਟ
ਏਬੀਪੀ ਸਾਂਝਾ | 18 Nov 2018 01:44 PM (IST)
ਅੰਮ੍ਰਿਤਸਰ: ਰਾਜਸਾਂਸੀ ਵਿੱਚ ਨਿਰੰਕਾਰੀ ਡੇਰਾ 'ਤੇ ਹੋਏ ਗ੍ਰਨੇਡ ਹਮਲੇ ਮਗਰੋਂ ਹਰਿਆਣਾ ਤੇ ਦਿੱਲੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਨਿਰੰਕਾਰੀ ਡੇਰੇ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿੱਚ ਨਿਰੰਕਾਰੀ ਡੇਰੇ 'ਤੇ ਹੋਏ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਯਾਦ ਰਹੇ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਵਿੱਚ ਅੱਤਵਾਦੀ ਜਾਕਿਰ ਮੂਸਾ ਸਰਗਰਮੀ ਮਗਰੋਂ ਪੁਲਿਸ ਚੌਕਸ ਹੈ। ਇਸ ਦੇ ਬਾਵਜੂਦ ਇਹ ਹਮਲਾ ਸੁਰੱਖਿਆ ਏਜੰਸੀਆਂ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਸਰਹੱਦ 'ਤੇ 6-7 ਹਥਿਆਰਬੰਦ ਲੋਕ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਸੀ। ਖੁਫੀਆ ਏਜੰਸੀਆਂ ਦਾ ਕਹਿਣਾ ਸੀ ਕਿ ਇਹ ਲੋਕ ਹਰਿਆਣਾ ਰਾਹੀਂ ਦਿੱਲੀ ਜਾਣ ਦੀ ਤਾਕ ਵਿੱਚ ਹਨ। ਉਂਝ ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਦਾ ਜ਼ਾਕਿਰ ਮੂਸਾ ਨਾਲ ਕੋਈ ਸਬੰਧ ਨਹੀਂ। ਇਸ ਤੋਂ ਪਹਿਲਾਂ ਮੀਡੀਆ ਵਿੱਚ ਇਸ ਹਮਲੇ ਨੂੰ ਜ਼ਾਕਿਰ ਮੂਸਾ ਦੀ ਪੰਜਾਬ ਵਿੱਚ ਸਰਗਰਮੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਯਾਦ ਰਹੇ ਪਿਛਲੇ ਦਿਨੀਂ ਕੇਂਦਰੀ ਸੁਰੱਖਿਆ ਏਜੰਸੀਆਂ ਤੇ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਨੇ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਵਿੱਚ ਮੁੜ ਹਥਿਆਰਬੰਦ ਸੰਘਰਸ਼ ਸਿਰ ਚੁੱਕ ਰਿਹਾ ਹੈ। ਇਸ ਮਗਰੋਂ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਸਰਕਾਰ 'ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਇਲਜ਼ਾਮ ਲਾ ਰਿਹਾ ਹੈ।