ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮਾਲਵਾ ਵਿੱਚ ਢੀਂਡਸਾ ਪਰਿਵਾਰ ਵੱਡੀ ਚੁਣੌਤੀ ਬਣਦੇ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਬਾਗ਼ੀ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਬਾਦਲਾਂ ਦੇ ਗੜ੍ਹ ਬਠਿੰਡਾ ਤੇ ਮਾਨਸਾ ਵਿੱਚ ਵੀ ਸਰਗਰਮੀ ਵਧਾ ਦਿੱਤੀ ਹੈ। ਇਸ ਦਾ ਜਵਾਬ ਦੇਣ ਲਈ ਸੁਖਬੀਰ ਬਾਦਲ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਉਨ੍ਹਾਂ ਵੱਲੋਂ 2 ਫਰਵਰੀ ਨੂੰ ਢੀਂਡਸਾ ਪਰਿਵਾਰ ਦੇ ਗੜ੍ਹ ਸੰਗਰੂਰ ਵਿੱਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਢੀਂਡਸਾ ਪਰਿਵਾਰ ਨਾਲ ਆਢਾ ਲਾਉਣ ਲਈ ਸੁਖਬੀਰ ਬਾਦਲ ਨੇ ਸੀਨੀਅਰ ਲੀਡਰਾਂ ਨੂੰ ਅੱਗੇ ਕੀਤਾ ਹੈ। ਇਸ ਸਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਖਾਮੋਸ਼ ਹਨ ਪਰ ਸੁਖਬੀਰ ਬਾਦਲ ਤੇ ਹਰਸਿਰਤ ਬਾਦਲ ਢੀਂਡਸਾ ਪਰਿਵਾਰ ਖਿਲਾਫ ਖੁੱਲ੍ਹ ਕੇ ਨਿੱਤਰੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਦੋ ਫਰਵਰੀ ਦੀ ਰੈਲੀ ਰਾਹੀਂ ਸੁਖਬੀਰ ਬਾਦਲ ਇਹ ਸ਼ੋਅ ਕਰਨ ਜਾ ਰਹੇ ਹਨ ਕਿ ਢੀਂਡਸਾ ਪਰਿਵਾਰ ਨਾਲ ਕੋਈ ਵੀ ਅਕਾਲੀ ਲੀਡਰ ਨਹੀਂ ਖੜ੍ਹਾ। ਇਸ ਲਈ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ।
ਉਂਝ ਮੀਡੀਆ ਵਿੱਚ ਬਿਆਨ ਚਾਹੇ ਸੀਨੀਅਰ ਅਕਾਲੀ ਲੀਡਰਾਂ ਦੇ ਨਾਂ ਹੇਠ ਜਾਰੀ ਹੋ ਰਹੇ ਹਨ ਪਰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੇ ਲੀਡਰਾਂ ਨਾਲ ਸਿੱਧਾ ਰਾਬਤਾ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਅਕਾਲੀ ਲੀਡਰਾਂ ਨਾਲ ਨਿੱਜੀ ਰਾਬਤਾ ਕਰ ਕੇ ਉਨ੍ਹਾਂ ਨੂੰ ਪਾਰਟੀ ਨਾਲ ਖੜ੍ਹਨ ਲਈ ਪ੍ਰੇਰਿਆ ਜਾ ਰਿਹਾ ਹੈ।
ਦਿਲਚਸਪ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਖ਼ਿਲਾਫ਼ ਜਨਤਕ ਤੌਰ ’ਤੇ ਪਹਿਲੀ ਵਾਰ ਉਨ੍ਹਾਂ ਦੇ ਗੜ੍ਹ ਵਿੱਚ ਰੈਲੀ ਰੱਖੀ ਹੈ। ਪਾਰਟੀ ਵੱਲੋਂ 2 ਫਰਵਰੀ ਨੂੰ ਰੱਖੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸੀਨੀਅਰ ਆਗੂਆਂ ਨੂੰ ਰੈਲੀ ਵਿੱਚ ਇਕੱਠ ਵਧਾਉਣ ਲਈ ਪਿੰਡ ਪੱਧਰ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਹੈ।
ਅਕਾਲੀ ਦਲ ਨੇ ਸੰਗਰੂਰ ਅਤੇ ਬਰਨਾਲਾ ਹਲਕਿਆਂ ਵਿਚ ਢੀਂਡਸਾ ਵਿਰੋਧੀ ਤੇ ਪਾਰਟੀ ਦੇ ਪੱਖ ਵਿਚ ਗਤੀਵਿਧੀਆਂ ਨੂੰ ਮਘਾਉਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਡਿਊਟੀ ਲਾਈ ਹੈ। ਇਨ੍ਹਾਂ ਲੀਡਰਾਂ ਨੂੰ ਵਿਧਾਨ ਸਭਾ ਹਲਕਾ ਵਾਰ ਮੁਹਿੰਮ ਚਲਾਉਣ ਤੇ ਪਿੰਡ ਪੱਧਰ ’ਤੇ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਕੁਝ ਦਿਨ ਪਹਿਲਾਂ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਲੀਡਰਾਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਢੀਂਡਸਾ ਪਰਿਵਾਰ ਖ਼ਿਲਾਫ਼ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਅਕਾਲੀ ਦਲ ਨੂੰ ਖ਼ਦਸ਼ਾ ਹੈ ਕਿ ਢੀਂਡਸਾ ਪਿਤਾ-ਪੁੱਤਰ ਦੀ ਜੋੜੀ ਸਿਆਸੀ ਤੌਰ ’ਤੇ ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਹੀ ਕਰ ਸਕਦੀ ਹੈ।
ਢੀਂਡਸਿਆਂ ਦਾ ਮਨੋਬਲ ਡੇਗਣ ਲਈ ਸੁਖਬੀਰ ਬਾਦਲ ਨੇ ਘੜੀ ਨਵੀਂ ਰਣਨੀਤੀ!
ਏਬੀਪੀ ਸਾਂਝਾ
Updated at:
26 Jan 2020 05:04 PM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮਾਲਵਾ ਵਿੱਚ ਢੀਂਡਸਾ ਪਰਿਵਾਰ ਵੱਡੀ ਚੁਣੌਤੀ ਬਣਦੇ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਬਾਗ਼ੀ ਲੀਡਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਬਾਦਲਾਂ ਦੇ ਗੜ੍ਹ ਬਠਿੰਡਾ ਤੇ ਮਾਨਸਾ ਵਿੱਚ ਵੀ ਸਰਗਰਮੀ ਵਧਾ ਦਿੱਤੀ ਹੈ। ਇਸ ਦਾ ਜਵਾਬ ਦੇਣ ਲਈ ਸੁਖਬੀਰ ਬਾਦਲ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਉਨ੍ਹਾਂ ਵੱਲੋਂ 2 ਫਰਵਰੀ ਨੂੰ ਢੀਂਡਸਾ ਪਰਿਵਾਰ ਦੇ ਗੜ੍ਹ ਸੰਗਰੂਰ ਵਿੱਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -