ਚੰਡੀਗੜ੍ਹ: ਪਦਮ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਇਸ ਸੂਚੀ ਵਿੱਚ 'ਲੰਗਰ ਬਾਬੇ' ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਅਸਲ ਨਾਂ ਜਗਦੀਸ਼ ਲਾਲ ਆਹੂਜਾ ਹੈ। ਉਹ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਜਗਦੀਸ਼ ਲਾਲ ਪਿਛਲੇ 38 ਸਾਲਾਂ ਤੋਂ ਭੁੱਖੇ ਤੇ ਲੋੜਵੰਦ ਲੋਕਾਂ ਨੂੰ ਭੋਜਨ ਦੇ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਨਾਂ 'ਲੰਗਰ ਬਾਬਾ' ਪੈ ਗਿਆ ਹੈ।
ਕਾਰੋਬਾਰੀ ਜਗਦੀਸ਼ ਲਾਲ ਆਹੂਜਾ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਛੁੱਟੀ ਦੇ ਪੀਜੀਆਈ ਚੰਡੀਗੜ੍ਹ ਦੇ ਬਾਹਰ ਦਾਲ, ਰੋਟੀ, ਚਾਵਲ ਦਾ ਲੰਗਰ ਲਾ ਰਹੇ ਹਨ। ਹਰ ਰਾਤ 500 ਤੋਂ 600 ਵਿਅਕਤੀਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਲੰਗਰ ਦੌਰਾਨ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਤੇ ਖਿਡੌਣੇ ਵੀ ਵੰਡੇ ਜਾਂਦੇ ਹਨ। ਉਹ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਤੇ ਭੁੱਖਿਆਂ ਦਾ ਢਿੱਡ ਭਰ ਰਹੇ ਹਨ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਤੇ ਜਾਇਦਾਦ ਵੇਚ ਦਿੱਤੀ ਹੈ।
ਅਹੂਜਾ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਸਿਰਫ 12 ਸਾਲ ਦੀ ਉਮਰ ਵਿੱਚ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਆਏ ਸਨ। ਜ਼ਿੰਦਾ ਰਹਿਣ ਲਈ, ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਨਮਕੀਨ ਦਾਲਾਂ ਵੇਚਣੀਆਂ ਪਈਆਂ। ਕੁਝ ਸਮੇਂ ਬਾਅਦ ਉਹ ਪਟਿਆਲੇ ਚਲੇ ਗਏ ਤੇ ਗੁੜ ਤੇ ਫਲ ਵੇਚ ਕੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
1950 ਤੋਂ ਬਾਅਦ ਆਹੂਜਾ ਲਗਪਗ 21 ਸਾਲਾਂ ਦੀ ਉਮਰ ਵਿੱਚ ਚੰਡੀਗੜ੍ਹ ਆ ਗਏ। ਇੱਥੇ ਆਉਣ ਤੋਂ ਬਾਅਦ, ਉਨ੍ਹਾਂ ਨੇ ਇੱਕ ਫਲ ਵੇਚਣ ਵਾਲੀ ਰੇਹੜੀ ਕਿਰਾਏ 'ਤੇ ਲੈ ਕੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ "ਇੱਥੇ ਆਉਂਦੇ ਹੋਏ, ਮੈਨੂੰ ਹੌਲੀ-ਹੌਲੀ ਪਤਾ ਲੱਗ ਗਿਆ ਕਿ ਇੱਥੇ ਮੰਡੀ ਵਿੱਚ ਕਿਸੇ ਰੇਹੜੀ ਵਾਲੇ ਨੂੰ ਕੇਲਾ ਪਕਾਉਣਾ ਨਹੀਂ ਆਉਂਦਾ। ਪਟਿਆਲੇ ਵਿੱਚ ਫਲ ਵੇਚਣ ਕਾਰਨ ਮੈਂ ਇਸ ਕੰਮ ਵਿੱਚ ਮਾਹਰ ਬਣ ਗਿਆ ਸੀ। ਬਸ ਫਿਰ ਮੈਂ ਕੰਮ ਸ਼ੁਰੂ ਕੀਤਾ ਤੇ ਮੇਰੀ ਕਿਸਮਤ ਚਮਕ ਗਈ ਤੇ ਮੈਂ ਚੰਗੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ।"
ਲੋਕਾਂ ਨੂੰ ਭੋਜਨ ਕਰਵਾਉਣ ਦੀ ਪ੍ਰੇਰਣਾ ਉਨ੍ਹਾਂ ਨੇ ਆਪਣੀ ਦਾਦੀ ਤੋਂ ਲਈ ਸੀ ਜੋ ਪੇਸ਼ਾਵਰ ਵਿੱਚ ਗਰੀਬ ਲੋਕਾਂ ਲਈ ਇਸ ਤਰ੍ਹਾਂ ਦੇ ਲੰਗਰ ਵਰਤਾਉਂਦੀ ਸੀ।