ਬਠਿੰਡਾ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਹਿਲਾਂ ਹੀ ਮੁੱਖ ਮੰਤਰੀ ਬਣਨ ਲਈ ਪਹਿਲਾਂ ਹੀ ਆਪਣੀ ਉਕਤਸੁਕਤਾ ਜ਼ਾਹਰ ਕਰ ਚੁੱਕੇ ਹਨ। ਪਰ ਹੁਣ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੀ ਇਸ ਕੁਰਸੀ 'ਤੇ ਬੈਠਣ 'ਤੇ ਇਤਰਾਜ਼ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਹ ਕੈਪਟਨ ਨੂੰ ਛੇਤੀ ਹੀ ਲਾਂਭੇ ਕਰ ਦੇਣਗੇ।


ਸੁਖਬੀਰ ਬਾਦਲ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਅਤੇ ਆਪਣੇ ਜੱਦੀ ਹਲਕੇ ਲੰਬੀ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਹੁਣ ਰਾਜੇ (ਕੈਪਟਨ ਅਮਰਿੰਦਰ ਸਿੰਘ) ਨੂੰ ਟਿਕਣ ਨਹੀਂ ਦੇਣਗੇ ਅਤੇ ਛੇਤੀ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਲਾਹ ਦੇਣਗੇ। ਉਨ੍ਹਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਾਜਾ ਤੜਿੰਗ ਦੱਸਦਿਆਂ ਕਿਹਾ ਕਿ ਉਸ ਨੂੰ ਬੋਲਣ ਦੀ ਅਕਲ ਨਹੀਂ।

ਉਨ੍ਹਾਂ ਆਪਣੇ ਪਿਤਾ ਦੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਬਾਪੂ ਬਾਦਲ ਨੇ 10 ਸਾਲ ਨਜ਼ਾਰੇ ਲਿਆ ਦਿੱਤੇ ਅਤੇ ਬਾਪੂ ਬਾਦਲ ਨੇ ਸਭ ਦੇ ਕੰਮ ਕੀਤਾ। ਸੁਖਬੀਰ ਨੇ ਆਖਿਆ ਕਿ ਬਾਪੂ ਬਾਦਲ ਇੰਨਾ ਪੈਸਾ ਦਿੰਦੇ ਸਨ ਕਿ ਖਰਚ ਨਹੀਂ ਸੀ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ 'ਤੇ ਇੱਕ ਸਾਲ ਦੇ ਅੰਦਰ ਗਰੀਬਾਂ ਦੇ ਪੱਕੇ ਮਕਾਨ ਬਣਾ ਦਿਆਂਗੇ ਅਤੇ ਉਹ ਇੱਥੇ ਕੱਪੜੇ ਦੇ 3-4 ਕਾਰਖਾਨੇ ਲਿਆਵਾਂਗਾ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣਾ ਪਾਪ ਹੈ। ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਭੈਣ ਤੇ ਬੇਟੀ ਦਾ ਇਲੈਕਸ਼ਨ, ਬੱਸ ਚੱਕ ਦਿਓ ਫੱਟੇ।