ਅੰਮ੍ਰਿਤਸਰ: ਖ਼ਾਸ ਰਣਨੀਤੀ ਤਹਿਤ ਲੜੀ ਗਈ ਲੋਕ ਸਭਾ ਚੋਣਾਂ ਵਿੱਚ ਇਛੁੱਕ ਨਤੀਜੇ ਆਉਣ ਮਗਰੋਂ ਬਾਦਲ ਪਰਿਵਾਰ ਖੁਸ਼ ਹੈ। ਘੜੀ ਰਣਨੀਤੀ ਦੇ ਹਿੱਸੇ ਤਹਿਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਮੋਰਚੇ ਖ਼ਿਲਾਫ਼ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਬਾਦਲ ਦਾ ਦਾਅਵਾ ਹੈ ਕਿ ਸੰਸਦੀ ਚੋਣਾਂ ਵਿੱਚ ਲੋਕਾਂ ਨੇ ਬਰਗਾੜੀ ਮੋਰਚੇ ਵਾਲਿਆਂ ਨੂੰ ਨਕਾਰ ਦਿੱਤਾ ਹੈ। ਬੇਸ਼ੱਕ, ਬਰਗਾੜੀ ਮੋਰਚੇ ਦੇ ਆਗੂਆਂ ਨੇ ਬਾਦਲ ਪਰਿਵਾਰ ਖ਼ਿਲਾਫ਼ ਸੂਬੇ ਵਿੱਚ ਕਈ ਰੋਸ ਮਾਰਚ ਕੱਢੇ ਸੀ, ਪਰ ਇਨ੍ਹਾਂ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ।

ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੇ ਪਰਿਵਾਰ ਸਮੇਤ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਚੋਣ ਜਿੱਤਣ ਮਗਰੋਂ ਸ਼ੁਕਰਾਨਾ ਕਰਨ ਲਈ ਹਰਿਮੰਦਰ ਸਾਹਿਬ ਮੱਥਾ ਟੇਕਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਬਾਦਲ ਪਰਿਵਾਰ ਨੂੰ ਹਰਾਉਣ ਲਈ ਫ਼ਿਰੋਜ਼ਪੁਰ ਅਤੇ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਜਾ ਕੇ ਪ੍ਰਚਾਰ ਕੀਤਾ ਤੇ ਹਰਾਉਣ ਲਈ ਪੂਰੀ ਤਾਕਤ ਲਾਈ ਪਰ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਇਸ ਵਾਰ ਕਾਂਗਰਸ ਦਾ ਭੋਗ ਪੈ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਜਲਦੀ ਹੀ ਕਾਂਗਰਸ ‘ਵੈਂਟੀਲੇਟਰ’ ’ਤੇ ਹੋਵੇਗੀ। ਬਾਦਲ ਨੇ ਕਿਹਾ ਕਿ ਪੰਜਾਬ ਵਿਚ 13 ਸੀਟਾਂ ’ਤੇ ਜਿੱਤ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਅਸਤੀਫ਼ਾ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਪਹਿਲਾਂ ਵੀ ਗੁਟਕਾ ਹੱਥ ਵਿਚ ਲੈ ਕੇ ਸਹੁੰ ਚੁੱਕਣ ਮਗਰੋਂ ਮੁੱਕਰ ਚੁੱਕੇ ਹਨ ਅਤੇ ਇਸ ਵਾਰ ਵੀ ਕੀਤੇ ਵਾਅਦਿਆਂ ’ਤੇ ਪੂਰੇ ਨਹੀਂ ਉੱਤਰਨਗੇ।

ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਨੂੰ ਭਾਵੇਂ ਸੂਬੇ ਵਿਚ ਚਾਰ ਸੰਸਦੀ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ ਪਰ ਗੱਠਜੋੜ ਦੀ ਵੋਟ ਫ਼ੀਸਦ ਵਿਚ ਸੁਧਾਰ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਦਾ ਵੋਟ ਬੈਂਕ 31 ਫ਼ੀਸਦ ਤੋਂ ਵੱਧ ਕੇ 37 ਫ਼ੀਸਦ ਹੋ ਗਿਆ ਹੈ ਅਤੇ ਹੁਣ ਇਹ ਕਾਂਗਰਸ ਤੋਂ ਸਿਰਫ਼ 3 ਫੀਸਦ ਘੱਟ ਹੈ। ਜਦਕਿ ‘ਆਪ’ ਦਾ ਵੋਟ ਬੈਂਕ 21 ਫ਼ੀਸਦ ਤੋਂ ਘੱਟ ਕੇ 7 ਫ਼ੀਸਦ ਰਹਿ ਗਿਆ ਹੈ।