ਸ੍ਰੀ ਮੁਕਤਸਰ ਸਾਹਿਬ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ 10 ਵਿੱਚੋਂ ਸਿਰਫ ਦੋ ਸੀਟਾਂ ਆਉਣ 'ਤੇ ਸੰਤੁਸ਼ਟੀ ਜ਼ਾਹਰ ਕੀਤੀ। ਬਾਦਲ ਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਦੋ ਸੀਟਾਂ ਆਈਆਂ ਹਨ, ਪਰ ਅਕਾਲੀ ਦਲ ਦੀ ਵੋਟ ਦੇਖੋ ਕਿੰਨੀ ਵਧੀ ਹੈ।

ਆਪਣੇ ਜੱਦੀ ਹਲਕੇ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਉਨ੍ਹਾਂ ਦੀ ਪਾਰਟੀ ਵਿੱਚ ਕੋਈ ਫਰਕ ਨਹੀਂ ਹੈ ਅਤੇ ਦੋ ਸੀਟਾਂ ਜਿੱਤ ਕੇ ਪਾਰਟੀ ਦੀ ਵੋਟ ਫੀਸਦ ਵਿੱਚ ਵੱਡਾ ਵਾਧਾ ਹੋਇਆ ਹੈ, ਜੋ ਪਾਰਟੀ ਲਈ ਬੇਹੱਦ ਲਾਹੇਵੰਦ ਹੈ।

ਕੇਂਦਰ ਸਰਕਾਰ ਵਿੱਚ ਮੰਤਰੀ ਦੀ ਕੁਰਸੀ ਪੱਕੀ ਹੋਣ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ (ਅਕਾਲੀ ਦਲ) ਮੰਤਰੀ ਬਣਨ ਲਈ ਨਹੀਂ ਜਿੱਤੇ ਬਲਕਿ ਪਾਰਟੀ (ਭਾਜਪਾ) ਦਾ ਸਾਥ ਦੇਣ ਲਈ ਜਿੱਤੇ ਹਨ। ਮੰਤਰੀ ਬਣਨ ਦਾ ਫੈਸਲਾ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਛੱਡ ਦਿੱਤਾ।

ਬਾਦਲ ਨੇ ਇਹ ਵੀ ਦੱਸਿਆ ਕਿ ਉਹ ਫ਼ਰੀਦਕੋਟ ਵਿੱਚ ਪੁਲਿਸ ਹਿਰਾਸਤੀ ਮੌਤ ਦੇ ਪੀੜਤ ਪਰਿਵਾਰ ਦਾ ਦੁੱਖ ਵੀ ਵੰਡਾ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਐਸਪੀ ਤੇ ਡੀਐਸਪੀ ਨੂੰ ਦੋਸ਼ੀਆਂ ਨੂੰ ਛੇਤੀ ਫੜਨ ਲਈ ਵੀ ਕਹਿ ਕੇ ਆਏ ਹਨ। ਇਸ ਮੌਕੇ ਬਾਦਲ ਨੇ ਆਪਣੇ ਸਿਆਸੀ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਪਰਿਵਾਰ ਤੇ ਸਰਕਾਰ ਦਾ ਹਿੱਸਾ ਰਹਿ ਚੁੱਕੇ ਮਨਪ੍ਰੀਤ ਬਾਦਲ ਬਾਰੇ ਪੁੱਛੇ ਸਵਾਲਾਂ ਨੂੰ ਟਾਲ ਹੀ ਦਿੱਤਾ।