Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਿੱਕਾ ਪਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਸਜ਼ਾ ਰੀਵਿਊ ਬੋਰਡ ਦੀ ਅਗਵਾਈ ਦਿੱਲੀ ਦੇ ਗ੍ਰਹਿ ਮੰਤਰੀ ਕਰਦੇ ਹਨ ਤੇ ਇਸ ਦੇ ਕੁੱਲ 7 ਵਿੱਚੋਂ 4 ਮੈਂਬਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨਾਲ ਸਬੰਧਤ ਹਨ। ਇਸ ਦੇ ਬਾਵਜੂਦ 'ਆਪ' ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਕੁਝ ਨਹੀਂ ਕਰ ਰਹੀ। 



ਸੁਖਬੀਰ ਬਾਦਲ ਨੇ ਆਪਣੀ ਫੇਸਬੁੱਕ ਪੇਜ਼ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਦਿੱਲੀ ਸਜ਼ਾ ਰੀਵਿਊ ਬੋਰਡ ਦੀ ਅਗਵਾਈ ਦਿੱਲੀ ਦੇ ਗ੍ਰਹਿ ਮੰਤਰੀ ਕਰਦੇ ਹਨ ਅਤੇ ਜਿਸਦੇ ਕੁੱਲ 7 ਵਿੱਚੋਂ 4 ਮੈਂਬਰ ਆਪ ਦੀ ਦਿੱਲੀ ਸਰਕਾਰ ਨਾਲ ਸਬੰਧਤ ਹਨ। ਕੀ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਪੁੱਛਣ ਦੀ ਹਿੰਮਤ ਕਰਨਗੇ ਕਿ ਉਨ੍ਹਾਂ ਦੀ ਸਰਕਾਰ ਸਾਰੀਆਂ ਮਨਜ਼ੂਰੀਆਂ ਤੇ ਜੇਲ੍ਹ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਪ੍ਰੋ. ਭੁੱਲਰ ਦੇ ਰਿਹਾਈ ਦੇ ਹੁਕਮਾਂ ਨੂੰ ਲਗਾਤਾਰ ਰੱਦ ਕਿਉਂ ਕਰ ਰਹੀ ਹੈ?