ਚੰਡੀਗੜ੍ਹ: ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਨੂੰ ਲਗਾਤਾਰ ਹਾਰਾਂ ਮਿਲ ਰਹੀਆਂ ਹਨ। ਕਾਂਗਰਸ ਸਰਕਾਰ ਖਿਲਾਫ ਰੋਸ ਹੋਣ ਦੇ ਬਾਵਜੂਦ ਲੋਕ ਅਕਾਲੀ ਦਲ ਤੋਂ ਦੂਰੀ ਬਣਾਏ ਹੋਏ ਹਨ। ਇਸ ਤੋਂ ਇਲਾਵਾ ਪੰਥਕ ਮੁੱਦਿਆਂ 'ਤੇ ਵੀ ਅਕਾਲੀ ਦਲ ਗੰਭੀਰ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸ ਸੰਕਟ ਦਾ ਸਾਰਾ ਜ਼ਿੰਮਾ ਬਾਦਲ ਪਰਿਵਾਰ ਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਆ ਰਿਹਾ ਹੈ।   ਇਸ ਵੇਲੇ ਟਕਸਾਲੀ ਲੀਡਰ ਬਾਗੀ ਸੁਰਾਂ ਬੁਲੰਦ ਕਰ ਰਹੇ ਹਨ। ਉਹ ਸਖਬੀਰ ਬਾਦਲ ਦੀ ਕਾਰਜਸ਼ੈਲੀ 'ਤੇ ਸਵਾਲ ਉਠਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਬਹੁਤੇ ਪਾਰਟੀ ਲੀਡਰ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਲਈ ਮਿਸ਼ਨ 2019 ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਹੋਏਗਾ। ਜੇਕਰ ਇਨ੍ਹਾਂ ਚੋਣਾਂ ਵਿੱਚ ਵੀ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਾਲਾ ਹਾਲ ਹੁੰਦਾ ਹੈ ਤਾਂ ਸੁਖਬੀਰ ਬਾਦਲ ਦਾ ਸਿੰਘਾਸ਼ਨ ਡੋਲਣਾ ਤੈਅ ਹੈ। ਲਗਾਤਾਰ ਹਾਰਾਂ ਕਰਕੇ ਉਨ੍ਹਾਂ ਨੂੰ ਲਾਂਭੇ ਕਰਨ ਲਈ ਦਬਾਅ ਜ਼ਰੂਰ ਬਣੇਗਾ। ਇਸ ਵੇਲੇ ਦੱਬੀ ਸੁਰ ਵਿੱਚ ਗੱਲ਼ ਕਰਨ ਵਾਲੇ ਟਕਸਾਲੀ ਲੀਡਰਾਂ ਨੂੰ ਹੋਰ ਖੱਲ੍ਹ ਕੇ ਖੇਡਣ ਦਾ ਮੌਕਾ ਮਿਲ ਜਾਏਗਾ। ਇਹ ਵੀ ਅਹਿਮ ਹੈ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ-ਹਾਰ ਅਕਾਲੀ ਦਲ ਤੇ ਬੀਜੇਪੀ ਦੀ ਭਾਈਵਾਲੀ ਦਾ ਭਵਿੱਖ ਕਰੇਗੀ। ਜੇਕਰ ਅਕਾਲੀ ਦਲ ਮੌਜੂਦਾ ਸੀਟਾਂ ਵੀ ਬਰਕਰਾਰ ਨਾ ਰੱਖ ਸਕਿਆ ਤਾਂ ਪੰਜਾਬ ਬੀਜੇਪੀ ਇੱਕ ਵਾਰ ਫਿਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੱਲਣ ਲਈ ਦਬਾਅ ਬਣਾ ਸਕਦੀ ਹੈ। ਅਜਿਹੇ ਵਿੱਚ ਵੀ ਬਾਦਲ ਪਰਿਵਾਰ ਦਾ ਕੇਂਦਰੀ ਸਿਆਸਤ ਵਿੱਚ ਦਬਦਬਾ ਘਟੇਗਾ ਤੇ ਅਕਾਲੀ ਦਲ ਨੂੰ ਨਵੇਂ ਰਾਹ ਲੱਭਣੇ ਪੈਣਗੇ। ਇਸ ਵੇਲੇ ਮੰਨਿਆ ਜਾਂਦਾ ਹੈ ਕਿ ਬਾਦਲਾਂ ਦੀ ਕੇਂਦਰੀ ਸਿਆਸਤ ਵਿੱਚ ਪੈਂਡ ਨੇ ਹੀ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਬਾਹੂਬਲੀ ਬਣਾਇਆ ਹੋਇਆ ਹੈ। ਦਰਅਸਲ ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਹੀ ਕਬਜ਼ਾ ਹੈ। ਇਸ ਦੀ ਸ਼ੁਰੂਆਤ ਮਰਹੂਮ ਗੁਰਬਚਨ ਸਿੰਘ ਟੌਹੜਾ ਨੂੰ ਦਲ ਤੋਂ ਬਹਾਰ ਕਰਨ ਨਾਲ ਹੋਈ ਸੀ। ਬੇਸ਼ੱਕ ਇਸ ਤੋਂ ਬਾਅਦ ਅਕਾਲੀ ਦਲ 'ਤੇ ਕਬਜ਼ਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਰਿਹਾ ਪਰ ਉਹ ਸਾਰੇ ਟਕਸਾਲੀ ਲੀਡਰਾਂ ਨੂੰ ਨਾਲ ਲੈ ਕੇ ਚੱਲਦੇ ਰਹੇ। ਇਸ ਲਈ ਪੰਥਕ ਮੁੱਦਿਆਂ ਤੋਂ ਭਟਕਣ ਦੇ ਬਾਵਜੂਦ ਅਕਾਲੀ ਦਲ ਅੰਦਰ ਕੋਈ ਜ਼ਿਆਦਾ ਹਿੱਲਜੁਲ ਨਹੀਂ ਹੋਈ।