ਗੁਰਦਾਸਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਤੋਂ ਚਾਹੇ ਅਕਾਲੀ ਲੀਡਰ ਬਹੁਤੇ ਖੁਸ਼ ਨਜ਼ਰ ਨਹੀਂ ਆਏ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੋਦੀ ਦੇ ਖੂਬ ਸੋਹਲੇ ਗਾਏ। ਸੁਖਬੀਰ ਨੇ ਮੋਦੀ ਵੱਲੋਂ ਮਿਸ਼ਨ 2019 ਦਾ ਪੰਜਾਬ ਤੋਂ ਆਗ਼ਾਜ਼ ਕਰਨ ਬਦਲੇ ਉਨ੍ਹਾਂ ਦਾ ਧੰਨਵਾਦ ਕੀਤਾ।

ਸੁਖਬੀਰ ਬਾਦਲ ਨੇ ਕਾਂਗਰਸ ਨੂੰ ਸਿੱਖਾਂ ਉੱਪਰ ਅੱਤਿਆਚਾਰ ਕਰਨ ਵਾਲੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਸਿਰਫ ਤਿੰਨ ਪ੍ਰਧਾਨ ਮੰਤਰੀਆਂ ਨੇ ਹੀ ਪੰਜਾਬ ਦਾ ਦਰਦ ਸਮਝਿਆ ਹੈ। ਉਨ੍ਹਾਂ ਵਿੱਚ ਅਟਲ ਬਿਹਾਰੀ ਵਾਜਪਾਈ, ਇੰਦਰ ਕੁਮਾਰ ਗੁਜਰਾਲ ਤੇ ਨਰੇਂਦਰ ਮੋਦੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਾਜਪਾਈ ਨੇ ਪੰਜਾਬ ਨੂੰ ਵੱਡੇ ਪ੍ਰਾਜੈਕਟ ਦਿੱਤੀ ਤੇ ਗੁਜਰਾਲ ਨੇ 10 ਮਿੰਟ ਵਿੱਚ ਪੰਜਾਬ ਦਾ 8500 ਕਰੋੜ ਦਾ ਕਰਜ਼ ਮਾਫ ਕਰ ਦਿੱਤਾ।

ਉਨ੍ਹਾਂ ਨੇ ਮੋਦੀ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਪੰਜਾਬ ਨੂੰ ਵੱਡੀ ਦੇਣ ਹੈ। ਮੋਦੀ ਨੇ ਹੀ ਸਿੱਖਾਂ ਦੇ ਮਸਲੇ ਹੱਲ ਕੀਤੇ। ਕਰਤਾਰਪੁਰ ਕੌਰੀਡੋਰ ਖੁੱਲ੍ਹਵਾਇਆ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਈਆਂ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਨਾਵਾਂ 'ਤੇ ਸੜਕਾਂ ਤੇ ਸੰਸਥਾਵਾਂ ਦੇ ਨਾਂ ਬਦਲ ਦੇਣੇ ਚਾਹੀਦੇ ਹਨ ਕਿਉਂਕਿ ਉਹ ਸਿੱਖਾਂ ਦੇ ਕਾਤਲ ਹਨ।