ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਲਈ ਆਪਣੀ ਪਤਨੀ ਨੂੰ ਬਠਿੰਡਾ ਹਲਕੇ ਤੋਂ ਚੋਣ ਲੜਵਾਉਣ ਲਈ ਦ੍ਰਿੜ੍ਹ ਨਹੀਂ ਜਾਪਦੇ। ਇਸ ਲਈ ਸ਼ਾਇਦ ਕੋਰ ਕਮੇਟੀ ਦੀ ਬੈਠਕ ਫਿਰ ਤੋਂ ਸੱਦੀ ਹੈ। ਅੱਜ ਪਾਰਟੀ ਨੇ ਕੋਰ ਕਮੇਟੀ ਨੇ ਬੈਠਕ ਕੀਤੀ, ਜਿਸ ਦੌਰਾਨ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਚਰਚਾ ਹੋਈ ਪਰ ਕੋਈ ਵੀ ਅੰਤਮ ਫੈਸਲਾ ਨਾ ਹੋ ਸਕਿਆ।
ਬੈਠਕ ਮਗਰੋਂ ਕਿਸੇ ਵੀ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਣ ਤੋਂ ਇਨਕਾਰ ਕੀਤਾ ਗਿਆ, ਪਰ ਸੁਖਬੀਰ ਬਾਦਲ ਨੇ ਕਿਹਾ ਕਿ ਅਗਲੇ ਹਫਤੇ ਤਕ ਉਮੀਦਵਾਰ ਐਲਾਨੇ ਜਾਣਗੇ। ਹਰਸਿਮਰਤ ਕੌਰ ਬਾਦਲ ਦਾ ਹਲਕਾ ਬਦਲਣ ਦੀ ਨੀਤੀ ਚਰਚਾ ਹੇਠ ਹੈ ਪਰ ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਦਾ ਹਲਕਾ ਬਦਲਣ ਦੇ ਸਵਾਲ 'ਤੇ ਜਵਾਬ ਦਿੰਦੇ ਕਿਹਾ ਕਿ ਕੋਰ ਕਮੇਟੀ ਦੀ ਬੈਠਕ ਫਿਰ ਤੋਂ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰ ਐਲਾਨੀਆਂ ਜਾਣਗੀਆਂ।
ਚਰਚਾਵਾਂ ਹਨ ਕਿ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੂੰ ਫ਼ਿਰੋਜ਼ਪੁਰ ਤੋਂ ਚੋਣ ਵੀ ਲੜਵਾਈ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ 'ਚ ਕਮੀ ਪਿਛਲੇ ਸਮੇਂ ਵਾਪਰੀਆਂ ਹੋਰ ਵੀ ਕਈ ਘਟਨਾਵਾਂ ਕਰਕੇ ਲੋਕਾਂ ਦੇ ਮਨਾਂ ਵਿੱਚ ਬਾਦਲ ਪਰਿਵਾਰ ਪ੍ਰਤੀ ਖਾਸਾ ਰੋਸ ਹੈ। ਇਸ ਲਈ ਕਿਆਸ-ਅਰਾਈਆਂ ਹਨ ਕਿ ਹਰਸਿਮਰਤ ਬਾਦਲ ਦਾ ਹਲਕਾ ਬਦਲਿਆ ਜਾ ਸਕਦਾ ਹੈ। ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਟਿਕਟ ਤੋਂ ਸ਼ੇਰ ਸਿੰਘ ਘੁਬਾਇਆ ਪਿਛਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਪਰ ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।