ਅੰਮ੍ਰਿਤਸਰ: ਚੋਣਾਂ ਸਿਰ 'ਤੇ ਹੋਣ ਕਰਕੇ ਸ਼੍ਰੋਮਣੀ ਕਮੇਟੀ ਵੀ ਆਪਣੇ ਮੁਲਾਜ਼ਮਾਂ 'ਤੇ ਮਿਹਰਬਾਨ ਹੋਈ ਹੈ। ਦਿਲਚਸਪ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਇੱਕ ਮਾਰਚ, 2019 ਤੋਂ ਮਹਿੰਗਾਈ ਭੱਤੇ ਦੀ 6 ਫੀਸਦੀ ਕਿਸ਼ਤ ਦੇਣ ਦਾ ਐਲਾਨ ਕੀਤਾ ਹੈ। ਮਾਮੂਲੀ ਤਨਖਾਹਾਂ 'ਤੇ ਕੰਮ ਕਰ ਰਹੇ ਮੁਲਾਜ਼ਾਮਾਂ ਵਿੱਚ ਕਾਫੀ ਰੋਸ ਸੀ।
ਚਰਚਾ ਹੈ ਕਿ ਮੁਲਾਜ਼ਮਾਂ ਅੰਦਰ ਸ਼੍ਰੋਮਣੀ ਕਮੇਟੀ ਖਿਲਾਫ ਰੋਸ ਸੀ। ਸ਼੍ਰੋਮਣੀ ਕਮੇਟੀ ਉੱਪਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਕਬਜ਼ਾ ਹੈ। ਇਸ ਲਈ ਲੋਕ ਸਭ ਚੋਣਾਂ ਅੰਦਰ ਅਕਾਲੀ ਦਲ ਨੂੰ ਸੇਕ ਲੱਗਦਾ ਸੀ। ਇਸ ਤੋਂ ਇਲਾਵਾ ਬੇਅਦਬੀ ਤੇ ਹੋਰ ਪੰਥਕ ਮਾਮਲਿਆਂ ਕਰਕੇ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਔਖੇ ਸੀ। ਇਸ ਲਈ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਬਜਟ ਤੋਂ ਪਹਿਲਾਂ ਹੀ ਵੱਡਾ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁਲਾਜ਼ਮਾਂ ਨੂੰ ਇਕ ਮਾਰਚ 2019 ਤੋਂ ਮਹਿੰਗਾਈ ਭੱਤੇ ਦੀ 6 ਫੀਸਦ ਕਿਸ਼ਤ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਗਰੇਡ ਵਿੱਚ ਸੋਧ ਲਈ ਇੱਕ ਗਰੇਡ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ ਜੋ ਘੋਖ ਮਗਰੋਂ ਆਪਣੀ ਰਿਪੋਰਟ ਦੇਵੇਗੀ। ਰਿਪੋਰਟ ਦੇ ਆਧਾਰ ’ਤੇ ਸਮੂਹ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਨਵੇਂ ਗਰੇਡ ਬਣਾਉਣ ਬਾਰੇ ਵਿਚਾਰ ਕੀਤਾ ਜਾਵੇਗਾ।
ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਸਮਾਗਮ 30 ਮਾਰਚ ਨੂੰ ਦੁਪਹਿਰ ਇੱਕ ਵਜੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗਾ। ਇਸ ਵਿੱਚ ਸ਼੍ਰੋਮਣੀ ਕਮੇਟੀ ਤੇ ਇਸ ਨਾਲ ਸਬੰਧਤ ਸਮੂਹ ਅਦਾਰਿਆਂ ਦੇ ਪ੍ਰਸਤਾਵਿਤ ਬਜਟ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।