ਚੰਡੀਗੜ੍ਹ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਵਿੱਚ ਸਿਰਫ ਇੱਕ ਉਮੀਦਵਾਰ ਜਿੱਤਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਚੰਗੇ ਸੰਕੇਤ ਨਜ਼ਰ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦਾਖਾ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਦੀ ਹਾਰ ਦੋ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਣ ਵਾਲੀ ਹਾਰ ਵੱਲ ਇਸ਼ਾਰਾ ਕਰਦੀ ਹੈ।


ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਵੱਲੋਂ ਕੀਤੀ ਗਈ ਸਰਕਾਰੀ ਮਸ਼ੀਨਰੀ, ਪੈਸੇ ਤੇ ਸ਼ਕਤੀ ਦੀ ਅੰਨ੍ਹੇਵਾਹ ਦੁਰਵਰਤੋਂ ਵੀ ਦਾਖਾ ਦੇ ਲੋਕਾਂ ਨੂੰ ਡਰਾ ਨਹੀਂ ਸਕੀ। ਉਨ੍ਹਾਂ ਨੇ ਇਸ ਹਲਕੇ ਤੋਂ ਅਕਾਲੀ-ਬੀਜੇਪੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਜਿਤਾ ਕੇ ਕਾਂਗਰਸ ਨੂੰ ਕਰਾਰਾ ਸਬਕ ਸਿਖਾਇਆ ਹੈ।

ਅਕਾਲੀ ਦਲ ਬਾਕੀ ਤਿੰਨ ਸੀਟਾਂ ਚਾਹੇ ਹਾਰ ਗਿਆ ਪਰ ਸੁਖਬੀਰ ਦਾ ਮੰਨਣਾ ਹੈ ਕਿ ਇਨ੍ਹਾਂ ਹਲਕਿਆਂ ’ਚੋਂ ਸਭ ਤੋਂ ਵੱਧ ਫਸਵਾਂ ਮੁਕਾਬਲਾ ਸੀ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਕਾਂਗਰਸੀ ਕਈ ਸਾਲਾਂ ਵਾਸਤੇ ਗੁੰਮਨਾਮੀ ’ਚ ਜਾਣ ਦੀ ਤਿਆਰੀ ਸ਼ੁਰੂ ਕਰ ਦੇਣਗੇ, ਕਿਉਂਕਿ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੇ ਹਲਕਿਆਂ ਅੰਦਰ ਉਨ੍ਹਾਂ ਦਾ ਇਹੀ ਹਸ਼ਰ ਹੋਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਾਖਾ ਦੀ ਚੋਣ ਨੂੰ ਆਪਣੇ ਨਿੱਜੀ ਤੇ ਸਿਆਸੀ ਵੱਕਾਰ ਦਾ ਮਸਲਾ ਬਣਾਇਆ ਹੋਇਆ ਸੀ। ਇਹ ਉਸ ਵੱਲੋਂ ਆਪਣੇ ਚਹੇਤੇ ਨੂੰ ਉਮੀਦਵਾਰ ਬਣਾਉਣ ਤੇ ਚੋਣ ਪ੍ਰਚਾਰ ਲਈ ਕੱਢੇ ਦੋ ਰੋਡ ਸ਼ੋਆਂ ਤੋਂ ਸਪੱਸ਼ਟ ਹੋ ਗਿਆ ਸੀ। ਇਸ ਦੇ ਬਾਵਜੂਦ ਦਾਖਾ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਧੂੜ ਚਟਾ ਦਿੱਤੀ ਹੈ।

ਆਪਣੀ ਹੀ ਗੜ੍ਹ ਢਹਿ ਜਾਣ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਜਲਾਲਾਬਾਦ ਵਿੱਚ ਅਕਾਲੀ-ਬੀਜੇਪੀ ਉਮੀਦਵਾਰ ਖ਼ਿਲਾਫ ਅਮਰਿੰਦਰ ਤੇ ਉਸ ਦੀ ਸਾਰੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਤੇ ਪੈਸੇ ਸਮੇਤ ਆਪਣੇ ਸਾਰੇ ਹੀਲੇ-ਵਸੀਲੇ ਲਾ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਜਲਾਲਾਬਾਦ ਵਿੱਚ ਚੋਣ ਮਾਹੌਲ ਖ਼ਰਾਬ ਕਰਨ ਲਈ ਬਾਹਰਲੇ ਸੂਬਿਆਂ ਤੋਂ ਬਦਮਾਸ਼ ਸੱਦੇ ਸਨ।

ਬਾਦਲ ਨੇ ਕਿਹਾ ਕਿ ਬੇਸ਼ੱਕ ਸੱਤਾਧਾਰੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਹੋਰ ਹਥਕੰਡਿਆਂ ਰਾਹੀਂ ਫਗਵਾੜਾ ਤੇ ਮੁਕੇਰੀਆਂ ਦੇ ਚੋਣ ਨਤੀਜੇ ਪ੍ਰਭਾਵਿਤ ਕਰਨ ਵਿਚ ਕਾਮਯਾਬ ਹੋ ਗਈ ਹੈ, ਪਰ ਮਾਮੂਲੀ ਫਰਕ ਨਾਲ ਹਾਸਲ ਕੀਤੀਆਂ ਇਹ ਜਿੱਤਾਂ ਸਪੱਸ਼ਟ ਕਰਦੀਆਂ ਹਨ ਕਿ ਜਦੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਕਾਂਗਰਸ ਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਫਗਵਾੜਾ ਤੇ ਮੁਕੇਰੀਆਂ ਦੇ ਨਤੀਜੇ ਕਸਬਿਆਂ ਤੇ ਸ਼ਹਿਰਾਂ ਵਿਚ ਅਕਾਲੀ-ਬੀਜੇਪੀ ਦੇ ਹੋਏ ਉਭਾਰ ਵੱਲ ਇਸ਼ਾਰਾ ਕਰਦੇ ਹਨ।