ਫ਼ਿਰੋਜ਼ਪੁਰ: ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਥਾਣੇ ਦੇ ਸਾਹਮਣੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਬੁੱਧਵਾਰ ਦੇਰ ਰਾਤ ਵਾਪਰੀ। ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਹੈ ਕਿ ਬਦਮਾਸ਼ ਪੁਲਿਸ ਤੋਂ ਵੀ ਨਹੀਂ ਡਰਦੇ ਤੇ ਸ਼ਰੇਆਣ ਥਾਣੇ ਸਾਹਮਣੇ ਵਾਰਦਾਤ ਕਰਕੇ ਨਿਕਲ ਜਾਂਦੇ ਹਨ।


ਹਾਸਲ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਾਹਮਣੇ ਬਣੀ ਪੁੱਡਾ ਦੀ ਕਾਰ ਪਾਰਕਿੰਗ ਵਿੱਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਡਿੰਪੀ ਪਾਸੀ (31) ਪੁੱਤਰ ਪ੍ਰਵੀਨ ਪਾਸੀ ਵਾਸੀ ਦੁਲਚੀ ਕੇ ਵਜੋਂ ਹੋਈ ਹੈ। ਡਿੰਪੀ ਨੂੰ ਛੇ ਗੋਲੀਆਂ ਮਾਰਨ ਮਗਰੋਂ ਅਣਪਛਾਤੇ ਹਮਲਾਵਰ ਫ਼ਰਾਰ ਹੋ ਗਏ। ਮੁੱਢਲੀ ਪੜਤਾਲ ਦੌਰਾਨ ਇਸ ਵਾਰਦਾਤ ਪਿੱਛੇ ਕੋਈ ਪੁਰਾਣੀ ਰੰਜ਼ਿਸ਼ ਮੰਨੀ ਜਾ ਰਹੀ ਹੈ।

ਪੁਲਿਸ ਮੁਤਾਬਕ ਡਿੰਪੀ ਨੂੰ ਰਾਤ ਅੱਠ ਵਜੇ ਦੇ ਕਰੀਬ ਕਿਸੇ ਦਾ ਫ਼ੋਨ ਆਇਆ ਸੀ। ਫ਼ੋਨ ਸੁਣਨ ਮਗਰੋਂ ਡਿੰਪੀ ਆਪਣੇ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਥੋੜ੍ਹੀ ਦੇਰ ਤੱਕ ਵਾਪਸ ਆ ਜਾਵੇਗਾ। ਉਹ ਆਪਣੀ ਕਾਰ ਲੈ ਕੇ ਘਰੋਂ ਨਿਕਲਿਆ ਤੇ ਥਾਣਾ ਸਿਟੀ ਦੇ ਸਾਹਮਣੇ ਬਣੀ ਕਾਰ ਪਾਰਕਿੰਗ ਵਿੱਚ ਜਿਵੇਂ ਹੀ ਉਸ ਨੇ ਕਾਰ ਖੜ੍ਹੀ ਕੀਤੀ ਤਾਂ ਪਹਿਲਾਂ ਤੋਂ ਉੱਥੇ ਮੌਜੂਦ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।

ਡਿੰਪੀ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਮਗਰੋਂ ਲੁਧਿਆਣਾ ਰੈਫ਼ਰ ਕਰ ਦਿੱਤਾ, ਜਿੱਥੇ ਜਾਂਦਿਆਂ ਰਾਹ ਵਿੱਚ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।