ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕੈਪਟਨ ਦੇ ਅਫ਼ਸਰਾਂ ਟਵੀਟ ਕਰਦੇ ਹਨ ਪਰ ਕੈਪਟਨ ਸਾਹਿਬ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪਾਰਟੀ ਦੀ ਵਡਿਆਈ ਕੀਤੀ ਤੇ ਝੂਠ ਬੋਲਣ ਦੇ ਇਲਜ਼ਾਮ ਲਾਉਂਦਿਆਂ ਕਾਂਗਰਸ ਨੂੰ ਸਿਰਫ਼ ਰਾਜ ਕਰਨ ਵਾਲੀ ਪਾਰਟੀ ਦੱਸਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇੰਨਾ ਤਕ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਕੀ ਕੁਝ ਟਵੀਟ ਹੋ ਰਿਹਾ ਹੈ। ਉਨ੍ਹਾਂ ਦੇ ਅਫ਼ਸਰ ਟਵੀਟ ਕਰਦੇ ਹਨ, ਪਰ ਉਨ੍ਹਾਂ ਨੂੰ ਆਪ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ। ਉਨ੍ਹਾਂ ਇਲਜ਼ਾਮ ਲਾਇਆ ਕਾਂਗਰਸ ਨੇ ਝੂਠ ਬੋਲ-ਬੋਲ ਕੇ ਸਰਕਾਰ ਬਣਾਈ ਹੈ ਤੇ ਹੁਣ ਪਾਰਟੀ ਕੋਈ ਹੋਰ ਵੱਡਾ ਝੂਠ ਬੋਲਣ ਬਾਰੇ ਸੋਚ ਰਹੀ ਹੈ।
ਆਪਣੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੋਚ ਤਰੱਕੀ ਵਾਲੀ ਹੈ ਜਦਕਿ ਕਾਂਗਰਸ ਸਿਰਫ ਰਾਜ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਵੱਡੀ ਚੀਜ਼ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਈ ਗਈ ਹੈ। ਕੈਪਟਨ ਤਾਂ ਘਰੋਂ ਬਾਹਰ ਹੀ ਨਹੀਂ ਨਿਕਲਦੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਜਿੱਤ ਹਾਸਲ ਕਰਕੇ ਹੰਕਾਰੀ ਰਾਜੇ ਨੂੰ ਸਬਕ ਸਿਖਾਉਣਗੇ।