ਖੰਨਾ: ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ ਤੇ ਰਾਜਸਥਾਨ ਵਿੱਚ ਅਪਰਾਧ ਕਰਨ ਵਾਲੇ ਗੈਂਗ ਦੇ ਅੱਠ ਮੈਂਬਰਾਂ ਨੂੰ ਖੰਨਾ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗੈਂਗ ਦੇ ਤਿੰਨ ਮੈਂਬਰ ਹਾਲੇ ਫਰਾਰ ਦੱਸੇ ਜਾ ਰਹੇ ਹਨ। ਇਸ ਗੈਂਗ ਦਾ ਮੁਖੀ ਲੁਧਿਆਣਾ ਦੇ ਕਾਲਜ ਦੇ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ।


ਲੁਧਿਆਨਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੂਸਾ ਬੰਗਾਲੀ ਗੈਂਗ ਦੇ ਅੱਠ ਮੈਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਤੇ ਤਿੰਨ ਮੈਂਬਰ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਇਸ ਗੈਂਗ ਦੇ ਮੈਂਬਰ ਪੜ੍ਹੇ-ਲਿਖੇ ਹਨ। ਗੈਂਗ ਨੇ ਲਗਪਗ ਢਾਈ ਕਰੋੜ ਦੀਆਂ ਲੁੱਟਾਂ ਕੀਤੀਆਂ ਹਨ।



ਪੁਲਿਸ ਨੇ ਇਨ੍ਹਾਂ ਤੋਂ ਕਾਰ, ਨੌਂ ਰਿਵਾਲਵਰ, ਇੱਕ ਬੰਦੂਕ, ਮੋਟਰਸਾਈਕਲ, ਨਕਦੀ, ਏਟੀਐਮ ਤੋੜਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ ਗੈਂਗ ਨੇ ਹੁਣ ਤਕ 91 ਵਾਰਦਾਤਾਂ ਨੂੰ ਕਬੂਲ ਕੀਤਾ ਹੈ।

ਪੁਲਿਸ ਨੇ ਰਜੇਸ਼ ਕੁਮਾਰ ਉਰਫ ਬੰਗਾਲੀ ਵਾਸੀ ਅਹਿਮਦਗੜ੍ਹ, ਹਰਦੀਪ ਸਿੰਘ ਉਰਫ ਮੂਸਾ ਵਾਸੀ ਅਹਿਮਦਗੜ੍ਹ, ਸ਼ਕਤੀ ਕੁਮਾਰ ਉਰਫ ਰਾਜੂ ਵਾਸੀ ਅਹਿਮਦਗੜ੍ਹ, ਬਿੰਦਰ ਸਿੰਘ ਉਰਫ ਬਿੰਦਰੀ ਵਾਸੀ ਅਹਿਮਦਗੜ੍ਹ, ਅਮਨਦੀਪ ਸਿੰਘ ਉਰਫ ਰਿੰਕੂ ਵਾਸੀ ਅਹਿਮਦਗੜ੍ਹ, ਮਨੋਜ ਕੁਮਾਰ ਉਰਫ ਛੋਟੂ ਅਹਿਮਦਗੜ੍ਹ, ਸਿਕੰਦਰ ਖ਼ਾਨ ਉਰਫ ਖ਼ਾਨ ਵਾਸੀ ਅਹਿਮਦਗੜ੍ਹ ਤੇ ਮਨਪ੍ਰੀਤ ਸਿੰਘ ਉਰਫ ਮੰਨੂ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦਲਜੀਤ ਸਿੰਘ ਉਰਫ ਲਾਡੂ ਉਰਫ ਲਾਡੀ ਉਰਫ ਭੁੱਲਰ, ਵਰਿੰਦਰ ਸਿੰਘ ਉਰਫ ਬਿੰਦਰ ਤੇ ਇਰਮ ਖ਼ਾਨ ਮੌਕੇ ਤੋਂ ਫਰਾਰ ਹੋ ਗਏ।