ਚੰਡੀਗੜ੍ਹ: ਬੀਤੇ ਕੱਲ੍ਹ ਵਾਂਗ ਸੋਮਵਾਰ ਸਵੇਰ ਵੀ ਪੰਜਾਬ ਵਿੱਚ ਵੱਖ-ਵੱਖ ਥਾਈਂ ਸੰਘਣੀ ਧੁੰਦ ਛਾਈ ਰਹੀ। ਧੁੰਦ ਦਾ ਅਸਰ ਪੰਜਾਬ ਤੋਂ ਇਲਾਵਾ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਹੀ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੰਗਲਵਾਰ ਤੋਂ ਲੈਕੇ ਸ਼ੁੱਕਰਵਾਰ ਤਕ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਂ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਹੈ।
ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਪੱਛਮੀ ਗੜਬੜੀਆਂ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਆਉਂਦੇ ਦਿਨਾਂ 'ਚ ਹੋਰ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ ਹੈ। ਇਸ ਦਾ ਅਸਰ ਪਹਾੜਾਂ ਤੋਂ ਲੈਕੇ ਮੈਦਾਨਾਂ ਤਕ ਰਹੇਗਾ। ਉੱਧਰ, ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਜ਼ੀਰੋ ਵਿਜ਼ੀਬਿਲੀਟੀ ਰਹੀ। ਸਵੇਰੇ ਛੇ ਵਜੇ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵੀ 285 ਅੰਕ ਦਰਜ ਕੀਤੀ ਗਈ ਜੋ ਕਿ ਖ਼ਰਾਬ ਸ਼੍ਰੇਣੀ ਵਿੱਚ ਆਉਂਦੀ ਹੈ।
ਕੌਮੀ ਰਾਜਧਾਨੀ ਤੇ ਲਾਗਲੇ ਖੇਤਰਾਂ ਵਿੱਚ ਵੀ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਵਿੱਚ ਖਾਸਾ ਵਿਘਨ ਪਿਆ। ਸਵੇਰ ਸਮੇਂ ਚੱਲਣ ਤੇ ਪਹੁੰਚਣ ਵਾਲੀਆਂ ਟਰੇਨਾਂ ਆਪਣੇ ਤੈਅ ਸਮੇਂ ਤੋਂ ਲੇਟ ਹੋ ਗਈਆਂ। ਸੰਘਣੀ ਧੁੰਦ ਕਾਰਨ ਕਈ ਜਗ੍ਹਾ ਦ੍ਰਿਸ਼ਟੀ 100 ਮੀਟਰ ਤੋਂ ਵੀ ਘੱਟ ਸੀ, ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਸ਼ਾਹਰਾਹਾਂ ਤੋਂ ਲੈਕੇ ਕੇ ਸ਼ਹਿਰਾਂ ਦੀਆਂ ਸੜਕਾਂ 'ਤੇ ਵਾਹਨ ਮੱਠੀ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ।
ਬੀਤੇ ਕੱਲ੍ਹ ਵੀ ਧੁੰਦ ਕਾਰਨ ਮਾਛੀਵਾੜਾ ਲਾਗੇ ਵਾਪਰੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਬੱਚੀ ਤੇ ਔਰਤ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਦੂਜੇ ਦਿਨ ਲਗਾਤਾਰ ਧੁੰਦ ਪੈਣ ਨਾਲ ਤਾਪਮਾਨ ਹੋਰ ਵੀ ਘੱਟ ਗਿਆ। ਵੱਖ-ਵੱਖ ਥਾਈਂ ਪਾਰਾ ਤਿੰਨ ਤੋਂ ਲੈਕੇ 10 ਡਿਗਰੀ ਤਕ ਦਰਜ ਕੀਤਾ ਗਿਆ।
ਐਤਵਾਰ ਵਾਲੇ ਦਿਨ ਆਏ ਮੌਸਮੀ ਬਦਲਾਅ ਕਾਰਨ ਰਾਤ ਸਮੇਂ ਤ੍ਰੇਲ ਪੈ ਗਈ, ਜਿਸ ਕਾਰਨ ਰਾਤ ਦਾ ਤਾਪਮਾਨ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿੱਚ ਪਾਰਾ ਸਾਢੇ ਤਿੰਨ ਡਿਗਰੀ ਤੇ ਲੁਧਿਆਣਾ ਵਿੱਚ 6.8 ਡਿਗਰੀ ਸੈਂਟੀਗ੍ਰੇਡ ਦੇ ਨਿਸ਼ਾਨ 'ਤੇ ਅੱਪੜ ਗਿਆ। ਆਉਂਦੇ ਦੋ ਦਿਨਾਂ ਤਕ ਤਾਪਮਾਨ ਤਕਰੀਬਨ ਚਾਰ ਡਿਗਰੀ ਤਕ ਰਹਿਣ ਦੀ ਆਸ ਹੈ।