ਕੋਲਕਾਤਾ: ਆਪਣੇ ਪੁਲਿਸ ਕਮਿਸ਼ਨਰ 'ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ 'ਛਾਪੇਮਾਰੀ' ਨੂੰ ਨਾਕਾਮ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਵੱਡਾ ਬਿਆਨ ਦਿੱਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਵਿਰੁੱਧ ਇੱਕਜੁੱਟ ਹੋ ਜਾਣ। ਮੁੱਖ ਮੰਤਰੀ ਨੇ ਸੀਬੀਆਈ ਕਾਰਵਾਈ ਦੇ ਵਿਰੋਧ ਵਿੱਚ ਕੋਲਕਾਤਾ ਦੇ ਮੈਟਰੋ ਸਿਨੇਮਾ ਬਾਹਰ ਧਰਨਾ ਵੀ ਸ਼ੁਰੂ ਕਰ ਦਿੱਤਾ। ਧਰਨਾ ਸ਼ੁਰੂ ਹੋਣ ਮਗਰੋਂ ਸੀਬੀਆਈ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ।


ਮਮਤਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਹੈ ਕਿ ਕਮਿਸ਼ਨਰ ਕੋਲ ਪਹੁੰਚੀ ਸੀਬੀਆਈ ਦੀ ਟੀਮ ਬਗ਼ੈਰ ਵਾਰੰਟ ਤੋਂ ਪਹੁੰਚੀ ਸੀ ਅਤੇ ਉਨ੍ਹਾਂ ਇਸ ਦੌਰਾਨ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਨੂੰ ਬਚਾਉਣ ਲਈ ਧਰਨਾ ਦੇ ਰਹੇ ਹਨ। ਮਮਤਾ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਦੀ ਬੰਗਾਲ ਰੈਲੀ ਮਗਰੋਂ ਹੀ ਸੀਬੀਆਈ ਨੇ ਅਜਿਹੀ ਹਰਕਤ ਕੀਤੀ ਹੈ। ਭਲਕੇ ਮਮਤਾ ਦੇ ਸੂਬੇ ਵਿੱਚ ਬਜਟ ਇਜਲਾਸ ਵੀ ਹੈ ਪਰ ਉਹ ਧਰਨੇ ਵਿੱਚ ਹੀ ਮੌਜੂਦ ਰਹਿਣਗੇ ਤੇ ਸਦਨ ਦੀ ਕਾਰਵਾਈ ਵਿੱਚ ਫ਼ੋਨ 'ਤੇ ਹਿੱਸਾ ਲੈਣਗੇ।

ਇਹ ਵੀ ਪੜ੍ਹੋ: ਮਮਤਾ ਦੀ ਪੁਲਿਸ ਨੇ ਮੋਦੀ ਦੀ ਸੀਬੀਆਈ ਨੂੰ ਥਾਣੇ ਡੱਕਿਆ

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਸ਼ਾਰਦਾ ਚਿਟਫੰਡ ਤੇ ਰੋਜ਼ ਵੈਲੀ ਘੁਟਾਲਾ ਮਾਮਲੇ 'ਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਉਨ੍ਹਾਂ ਦੇ ਘਰ ਪਹੁੰਚੀ ਸੀਬੀਆਈ ਟੀਮ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਰਾਜੀਵ ਕੁਮਾਰ ਦੀ ਰਿਹਾਇਸ਼ 'ਤੇ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੂਬੇ ਦੇ ਡੀਜੀਪੀ ਨੇ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਮੋਦੀ ਸਰਕਾਰ ਵਿਰੁੱਧ ਖ਼ੂਬ ਸ਼ਬਦੀ ਹਮਲੇ ਬੋਲੇ।