ਸੀਬੀਆਈ ਦੀ ਟੀਮ ਤੇ ਕੋਲਕਾਤਾ ਪੁਲਿਸ ਦੀ ਟੀਮ ਵਿਚਾਲੇ ਤਣਾਅ ਵਧ ਗਿਆ ਕਿਉਂਕਿ ਪੁਲਿਸ ਨੇ ਸੀਬੀਆਈ ਨੂੰ ਕਮਿਸ਼ਨਰ ਦੇ ਘਰ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਮਗਰੋਂ ਸੀਬੀਆਈ ਦੇ ਪੰਜ ਅਧਿਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਕੋਲਕਾਤਾ ਸਥਿਤ ਸੀਬੀਆਈ ਦੇ ਖੇਤਰੀ ਹੈੱਡਕੁਆਟਰ ਨੂੰ ਵੀ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ।
ਮੁੱਖ ਮੰਤਰੀ ਦੇ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਪੱਛਮੀ ਬੰਗਾਲ ਦੇ ਪੁਲਿਸ ਮੁਖੀ ਵੀ ਪੁਲਿਸ ਕਮਿਸ਼ਨਰ ਦੀ ਰਿਹਾਇਸ਼ 'ਤੇ ਪਹੁੰਚੇ। ਕਮਿਸ਼ਨਰ ਦੀ ਰਿਹਾਇਸ਼ 'ਤੇ ਹੀ ਉੱਚ ਪੱਧਰੀ ਬੈਠਕ ਸ਼ੁਰੂ ਹੋ ਗਈ ਹੈ।
ਦਰਅਸਲ, ਸੀਬੀਆਈ ਸ਼ਾਰਦਾ ਚਿੱਟਫੰਡ ਮਾਮਲੇ 'ਚ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ। ਰੋਜ਼ ਵੈਲੀ ਘੁਟਾਲਾ 15,000 ਕਰੋੜ ਰੁਪਏ ਦਾ ਹੈ ਜਦਕਿ ਸ਼ਾਰਦਾ ਘਪਲਾ 2500 ਕਰੋੜ ਰੁਪਏ ਦਾ ਹੈ। ਘੁਟਾਲਿਆਂ ਦੀ ਜਾਂਚ ਵਿੱਚ ਪੱਛਮੀ ਬੰਗਾਲ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨ ਵਾਲੇ ਆਈਪੀਐਸ ਅਧਿਕਾਰੀ ਰਾਜੀਵ ਕੁਮਾਰ ਤੋਂ ਲਾਪਤਾ ਦਸਤਾਵੇਜ਼ਾਂ ਤੇ ਫਾਇਲਾਂ ਦੇ ਸਬੰਧ 'ਚ ਪੁੱਛਗਿੱਛ ਕੀਤੀ ਜਾਣੀ ਹੈ ਪਰ ਉਹ ਜਾਂਚ ਏਜੰਸੀ ਦੇ ਸਨਮੁਖ ਪੇਸ਼ ਹੋਣ ਸਬੰਧੀ ਨੋਟਿਸਾਂ ਦਾ ਜਵਾਬ ਨਹੀਂ ਦੇ ਰਹੇ ਸਨ।